ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਕਰਨ ਲਈ ਗਹਿਰੀ ਨੀਂਦ ਤੋਂ ਜਾਗੇ
ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਕਰਨ ਲਈ ਗਹਿਰੀ ਨੀਂਦ ਤੋਂ ਜਾਗੇ
– ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕਰਨ ਦੀ ਮੰਗ
ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਵੱਲੋਂ ਅਧਿਆਪਕਾਂ ਦੀਆਂ ਹਰ ਸਾਲ ਆਮ ਬਦਲੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਆਮ ਤੌਰ ਤੇ ਮਈ ਮਹੀਨੇ ਤੋਂ ਸ਼ੁਰੂ ਹੋ ਕੇ ਜੁਲਾਈ ਮਹੀਨੇ ਤੱਕ ਲਗਭਗ ਪੂਰੀਆਂ ਹੋ ਜਾਂਦੀਆਂ ਹਨ ਪਰ ਇਸ ਸਾਲ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੀ ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਨਾ ਕਰਕੇ ਗਹਿਰੀ ਨੀਂਦ ਵਿੱਚ ਸੁੱਤੀ ਹੋਈ ਹੈ।
ਜਿਸ ਨਾਲ ਯੋਗ, ਲੋੜਵੰਦ ਅਤੇ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਸੇਵਾ ਨਿਭਾ ਰਹੇ ਸਮੂਹ ਅਧਿਆਪਕਾਂ ਵਿੱਚ ਨਿਰਾਸ਼ਾ ਫੈਲੀ ਹੋਈ| ਇਸ ਸਬੰਧੀ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਮਾੜੀ ਮੇਘਾ, ਐਕਟਿੰਗ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਅਤੇ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਰਾਏਕੋਟ ਵਿਖੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਕਰਨ ਤੋਂ ਬੇਵਜ੍ਹਾ ਟਾਲ-ਮਟੋਲ ਕਰ ਰਹੀ ਹੈ।
ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਅਧਿਆਪਕਾਂ ਦੀ ਰਿਹਾਇਸ਼ ਦੇ ਨੇੜੇ ਖਾਲੀ ਪਏ ਸਟੇਸ਼ਨਾਂ ਉੱਤੇ ਤੁਰੰਤ ਕੀਤੀਆ ਜਾਣ ਅਤੇ ਬਦਲੀਆਂ ਲਈ ਘੱਟੋ-ਘੱਟ ਤਿੰਨ ਗੇੜ੍ ਜ਼ਰੂਰ ਪੂਰੇ ਕੀਤੇ ਜਾਣ ਤਾਂ ਜੋ ਯੋਗ ਅਤੇ ਲੋੜਵੰਦ ਅਧਿਆਪਕ ਆਪਣੇ ਘਰਾਂ ਦੇ ਨੇੜੇ ਆ ਕੇ ਬੱਚਿਆਂ ਨੂੰ ਵਧੀਆ ਢੰਗ ਨਾਲ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਸਕਣ।
ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ ਵਿਭਾਗ ਵੱਲੋਂ ਕੀਤੀਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ। ਇਸ ਸਮੇਂ ਜਗਮੇਲ ਸਿੰਘ ਪੱਖੋਵਾਲ, ਜੋਰਾ ਸਿੰਘ ਬੱਸੀਆਂ, ਨਰਿੰਦਰਪਾਲ ਸਿੰਘ ਬੁਰਜ ਲਿੱਟਾਂ, ਸ਼ਮਸ਼ੇਰ ਸਿੰਘ ਬੁਰਜ ਲਿੱਟਾਂ, ਦਰਸ਼ਨ ਸਿੰਘ ਮੋਹੀ, ਹਰਪ੍ਰੀਤ ਸਿੰਘ ਅੱਬੂਵਾਲ, ਹਾਕਮ ਸਿੰਘ ਲਹਿਰਾ, ਹਰਭਿੰਦਰ ਸਿੰਘ ਮੁੱਲਾਂਪੁਰ ਆਗੂ ਹਾਜਰ ਸਨ।