ਪੀਐੱਫਐਮਐਸ ਸਿਸਟਮ ਦਾ ਕੰਮ ਅਧਿਆਪਕਾਂ ਤੋਂ ਲੈਣਾ ਤੁਰੰਤ ਬੰਦ ਕੀਤਾ ਜਾਵੇ – ਆਗੂ
ਪੀਐੱਫਐਮਐਸ ਸਿਸਟਮ ਦਾ ਕੰਮ ਅਧਿਆਪਕਾਂ ਤੋਂ ਲੈਣਾ ਤੁਰੰਤ ਬੰਦ ਕੀਤਾ ਜਾਵੇ – ਆਗੂ
– ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅਧਿਆਪਕ ਮੰਗਾਂ ਸਬੰਧੀ ਡੀਪੀਆਈ ਐਲੀਮੈਂਟਰੀ ਨਾਲ ਕੀਤੀ ਮੀਟਿੰਗ
ਸਿੱਖਿਆ ਫੋਕਸ, ਚੰਡੀਗੜ੍ਹ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ ਅਤੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਲੁਧਿਆਣਾ ਦੀ ਅਗਵਾਈ ਹੇਠ ਅਧਿਆਪਕ ਆਗੂਆਂ ਨੇ ਨਵੇਂ ਹਾਜ਼ਰ ਹੋਏ ਡਇਰੇਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਮੈਡਮ ਸੰਗੀਤਾ ਸ਼ਰਮਾ ਨਾਲ ਮੀਟਿੰਗ ਕੀਤੀ।
ਅਧਿਆਪਕ ਆਗੂਆਂ ਨੇ ਅਧਿਕਾਰੀ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਅਧਿਆਪਕਾ ਦੀਆਂ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਪ੍ਰਾਇਮਰੀ ਸਕੂਲਾਂ ਵਿਚ ਈ ਟੀ ਟੀਚਰ ਤੋਂ ਹੈਡ ਟੀਚਰ, ਹੈਡ ਟੀਚਰ ਤੋਂ ਸੈਂਟਰ ਹੈੱਡ ਟੀਚਰ, ਸੈਂਟਰ ਹੈਡ ਟੀਚਰ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਸੀਨੀਆਰਤਾ ਅਨੁਸਾਰ ਬਣਦੀਆਂ ਤਰੱਕੀਆਂ ਤੁਰੰਤ ਕੀਤੀਆ ਜਾਣ।
ਆਪਣੇ ਜ਼ਿਲ੍ਹਿਆਂ ਤੋਂ ਦੂਰ-ਦੁਰੇਡੇ ਡੇਰਿਆਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਬਦਲੀਆਂ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇ, ਨਵੇਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਕੂਲਾਂ ਵਿਚ ਲੋੜ ਅਨੁਸਾਰ ਵਿਦਿਆਰਥੀਆਂ ਦੀਆਂ ਕਿਤਾਬਾਂ ਭੇਜੀਆਂ ਜਾਣ, ਮਿੱਡ-ਡੇ-ਮੀਲ ਦੀ ਕਕਿੰਗ ਕਾਸਟ ਵਿੱਚ ਸਾਰਥਕ ਵਾਧਾ ਕੀਤਾ ਜਾਵੇ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਤੁਰੰਤ ਬੰਦ ਕੀਤੇ ਜਾਣ, ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਤੇ ਚੌਕੀਦਾਰਾਂ ਦੀਆਂ ਅਸਾਮੀਆਂ ਦੇ ਕੇ ਰੈਗੂਲਰ ਭਰਤੀ ਕੀਤੀ ਜਾਵੇ, ਪੀ ਐੱਫ ਐਮ ਐਸ ਸਿਸਟਮ ਦਾ ਕੰਮ ਅਧਿਆਪਕਾਂ ਤੋਂ ਲੈਣਾ ਤੁਰੰਤ ਬੰਦ ਕਰਕੇ ਬਦਲਵਾਂ ਪ੍ਰਬੰਧ ਕੀਤਾ ਜਾਵੇ ਆਦਿ ਮਸਲੇ ਹੱਲ ਕੀਤੇ ਜਾਣ।
ਆਗੂਆਂ ਨੇ ਅੱਗੇ ਦੱਸਿਆ ਕਿ ਅਧਿਕਾਰੀ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਜਥੇਬੰਦੀ ਨਾਲ ਵਿਸਥਾਰ ਸਹਿਤ ਮੀਟਿੰਗ ਕਰਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਹਲ ਕੀਤੇ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਪਰਮਿੰਦਰਪਾਲ ਸਿੰਘ ਕਾਲੀਆ, ਮਨੀਸ਼ ਸ਼ਰਮਾ , ਟਹਿਲ ਸਿੰਘ ਸਰਾਭਾ, ਗਿਆਨ ਸਿੰਘ ਦੋਰਾਹਾ, ਸਤਵਿੰਦਰ ਪਾਲ ਸਿੰਘ
ਆਦਿ ਸ਼ਾਮਲ ਸਨ ।