ਕੱਚੇ ਅਧਿਆਪਕ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਮੁਹਰੇ ਬੈਠ ਕੇ ਕਰਨਗੇ ਇਨਸਾਫ਼ ਦੀ ਮੰਗ
ਕੱਚੇ ਅਧਿਆਪਕ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਮੁਹਰੇ ਬੈਠ ਕੇ ਕਰਨਗੇ ਇਨਸਾਫ਼ ਦੀ ਮੰਗ
– 28 ਨੂੰ ਕੱਚੇ ਅਧਿਆਪਕ ਮੁੱਖ ਮੰਤਰੀ ਨੂੰ ਯਾਦ ਕਰਵਾਉਣਗੇ ਚੋਣਾਂ ਸਮੇਂ ਕੀਤਾ ਵਾਅਦਾ
– ਸੂਬਾਈ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ‘ਚ ਸ਼ਹੀਦੇ ਆਜ਼ਮ ਨੂੰ ਭੇਂਟ ਕਰਨਗੇ ਸ਼ਰਧਾਂਜਲੀ
ਸਿੱਖਿਆ ਫੋਕਸ, ਜਲੰਧਰ। ਕੇਵਲ 6 ਹਜ਼ਾਰ ਰੁਪਏ ਮਹੀਨਾ ਤਨਖਾਹ ਤੇ ਗੁਜ਼ਾਰੇ ਲਈ ਮਜ਼ਬੂਰ ਸੂਬੇ ਦੇ ਕੱਚੇ ਅਧਿਆਪਕਾਂ (ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ.ਅਧਿਆਪਕ) ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾਈ ਪ੍ਰਧਾਨ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ‘ਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਜਿਸ ‘ਚ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕੱਚੇ ਅਧਿਆਪਕਾਂ ਨਾਲ ਕੀਤੇ ਵਾਅਦੇ ਤੇ ਨਾ ਤਾਂ ਅਮਲ ਕਰ ਰਹੀ ਹੈ ਅਤੇ ਨਾ ਹੀ ਜਥੇਬੰਦੀ ਨਾਲ ਰੈਗੂਲਰ ਕਰਨ ਵਾਲੀ ਪਾਲਿਸੀ ਦੀ ਯੋਜਨਾ ਸੰਬੰਧੀ ਗੱਲਬਾਤ ਕਰ ਰਹੀ।
ਸੂਬਾਈ ਪ੍ਰਧਾਨ ਨੇ ਦੱਸਿਆ ਕਿ ਸੂਬੇ ਦੇ ਕੱਚੇ ਅਧਿਆਪਕ 28 ਸਤੰਬਰ ਨੂੰ ਅਮਰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਖਟਕੜਕਲਾਂ ਵਿਖੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕਰਨਗੇ। ਖਟਕੜਕਲਾਂ ਵਿਖੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਕੱਚੇ ਅਧਿਆਪਕਾਂ ਨਾਲ ਚੋਣਾਂ ਸਮੇਂ ਕੀਤੇ ਤਨਖਾਹ ਵਾਧਾ ਅਤੇ ਰੈਗੂਲਰ ਕਰਨ ਦੇ ਵਾਅਦੇ ਯਾਦ ਕਰਵਾਉਣਗੇ ਅਗਰ ਇਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਮਿਲਦਾ ਤਾਂ ਕੱਚੇ ਅਧਿਆਪਕ ਦਿੱਲੀ ਵੱਲ ਕੂਚ ਕਰਨਗੇ ਅਤੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਮੁਹਰੇ ਬੈਠ ਕੇ ਇਨਸਾਫ਼ ਦੀ ਮੰਗ ਕਰਨਗੇ। ਇਸ ਮੀਟਿੰਗ ‘ਚ ਕਮਲ, ਮਮਤਾ, ਅਮਰੀਕ ਸ਼ਾਹਕੋਟ, ਜਯੋਤੀ, ਕਮਲਜੀਤ, ਨੀਨਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ