ਭਾਰਤ ‘ਚ ਹੋ ਰਿਹਾ ਹੈ ਸਿੱਖਿਆ ਦਾ ਨਿੱਜੀਕਰਨ, ਯੂਨੈਸਕੋ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ
ਭਾਰਤ ‘ਚ ਹੋ ਰਿਹਾ ਹੈ ਸਿੱਖਿਆ ਦਾ ਨਿੱਜੀਕਰਨ, ਯੂਨੈਸਕੋ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ
– ਭਾਰਤ ‘ਚ ਲਗਾਤਾਰ ਵਧ ਰਹੀ ਹੈ ਪ੍ਰਾਈਵੇਟ ਸਕੂਲਾਂ ਦੀ ਗਿਣਤੀ
ਸਿੱਖਿਆ ਫੋਕਸ, ਚੰਡੀਗੜ੍ਹ। ਭਾਰਤ ਵਿੱਚ ਸਿੱਖਿਆ ਦਾ ਨਿੱਜੀਕਰਨ ਲਗਾਤਾਰ ਵਧਦਾ ਜਾ ਰਿਹਾ ਹੈ। ਨਿੱਜੀ ਅਦਾਰਿਆਂ ਦਾ ਪ੍ਰਭਾਵ ਸਰਕਾਰੀ ਅਦਾਰਿਆਂ ਦੇ ਮੁਕਾਬਲੇ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਪ੍ਰਾਈਵੇਟ ਜਾਂ ਨਿੱਜੀ ਸਕੂਲਾਂ ਦੀ ਗਿਣਤੀ ਵਿੱਚ ਵਧ ਰਹੀ ਹੈ। ਹਾਲ ਹੀ ਵਿੱਚ ਇਸ ਸੰਬੰਧੀ ਯੂਨੈਸਕੋ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਜਿਸਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਭਾਰਤ ਦੇ 10 ਸਕੂਲਾਂ ਵਿੱਚੋਂ 7 ਸਕੂਲ ਪ੍ਰਾਈਵੇਟ ਹਨ। ਆਓ ਜਾਣਦੇ ਹਾਂ ਇਸ ਸੰਬੰਧੀ ਅਹਿਮ ਤੱਥ ਕੀ ਹਨ।
ਯੂਨੈਸਕੋ ਦੁਆਰਾ ਸਾਲ 2022 ਦੀ ਨਵੀਂ ਗਲੋਬਲ ਐਜੂਕੇਸ਼ਨ ਮਾਨੀਟਰਿੰਗ ਕੀਤੀ ਗਈ। ਇਸ ਮੀਟਿੰਗ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਨਿੱਜੀ ਸਕੂਲਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸਦਾ ਕਾਰਨ ਸਰਕਾਰੀ ਸਕੂਲਾਂ ਦੀ ਘਾਟ ਅਤੇ ਪੜ੍ਹਾਈ ਵਿੱਚ ਲੋੜੀਂਦੀ ਗੁਣਵੱਤਾ ਦੀ ਘਾਟ ਹੈ। ਇਸ ਕਰਕੇ ਮਾ-ਪਿਓ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਇ ਪ੍ਰਾਇਵੇਟ ਸਕੂਲਾਂ ਵਿੱਚ ਦਾਖ਼ਲਾ ਦਵਾਉਣ ਨੂੰ ਪਹਿਲ ਦਿੰਦੇ ਹਨ।
ਇਸ ਤੋਂ ਇਲਾਵਾ ਭਾਰਤ ਵਿੱਚ ਪ੍ਰਾਈਵੇਟ ਟਿਊਸ਼ਨ ਦੀਆਂ ਦਰਾਂ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਜਿਸਦਾ ਕਾਰਨ ਵੀ ਸਕੂਲੀ ਪੜ੍ਹਾਈ ਵਿੱਚ ਗੁਣਵੱਤਾ ਦੀ ਘਾਟ ਨੂੰ ਦਰਸਾਇਆ ਗਿਆ ਹੈ। ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਾਈਵੇਟ ਟਿਊਸ਼ਨ ਕਾਰੋਬਾਰ ਸਥਾਪਤ ਕਰਨ ਲਈ ਕਿਸੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਇਸਦੇ ਨਾਲ ਹੀ 46% ਤੋਂ ਵਧੇਰੇ ਬਾਲਗ ਇਸ ਗੱਲ ਨਾਲ ਸਹਿਮਤ ਹਨ ਕਿ ਸਿੱਖਿਆ ਮੁਹੱਈਆਂ ਕਰਵਾਉਣਾ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ।
ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਭਾਰਤ ਵਿੱਚ 73% ਮਾਪਿਆਂ ਨੇ ਆਪਣੇ ਬੱਚਿਆਂ ਲਈ ਸਰਕਾਰੀ ਸਕੂਲਾਂ ਦੀ ਬਜਾਇ ਪ੍ਰਾਈਵੇਟ ਸਕੂਲਾਂ ਨੂੰ ਚੁਣਿਆ ਹੈ। ਇਨ੍ਹਾਂ ਮਾਪਿਆਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਲੋੜੀਂਦੀ ਸਿੱਖਿਆ ਗੁਣਵੱਤਾ ਦੀ ਘਾਟ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ 2014 ਤੋਂ ਸਥਾਪਿਤ 97,000 ਸਕੂਲਾਂ ਵਿੱਚੋਂ 67,000 ਪ੍ਰਾਈਵੇਟ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਨਿੱਜੀਕਰਨ ਦਾ ਰੁਝਾਨ ਵਧੇਰੇ ਹੈ। ਸਾਲ 2020 ਦੀ ਇੱਕ ਰਿਪੋਰਟ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 25 ਫੀਸਦੀ ਪ੍ਰੀ-ਪ੍ਰਾਇਮਰੀ, 45 ਫੀਸਦੀ ਪ੍ਰਾਇਮਰੀ ਪ੍ਰਾਇਵੇਟ ਸਕੂਲ ਹਨ। ਜਦਕਿ ਪਾਕਿਸਤਾਨ, ਨੇਪਾਲ, ਇਰਾਨ ਆਦਿ ਦੇਸ਼ਾਂ ਵਿੱਚ ਪ੍ਰਾਇਵੇਟ ਸਕੂਲਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਘੱਟ ਹੈ। ਪਾਕਿਸਤਾਨ ਤੇ ਨੇਪਾਲ ਵਰਗੇ ਦੇਸ਼ ਭਾਰਤ ਦੇ ਮੁਕਾਬਲੇ ਬਹੁਤ ਛੋਟੇ ਹਨ ਅਤੇ ਇਨ੍ਹਾਂ ਕੋਲ ਕੋਈ ਰਾਜ ਸਹਾਇਤਾ ਵੀ ਨਹੀਂ ਹੈ। ਇਸ ਤੋਂ ਇਲਾਵਾ ਮਾਲਦੀਵ ਤੇ ਭੁਟਾਨ ਆਦਿ ਦੇਸ਼ਾਂ ਵਿੱਚ ਵੀ ਸਰਕਾਰੀ ਸਿੱਖਿਆ ਦਾ ਮਿਆਰ ਭਾਰਤ ਦੇ ਮੁਕਾਬਲੇ ਉੱਚਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਅੱਠ ਸ਼ਹਿਰਾਂ ਵਿੱਚ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਸ਼ਲੇਸ਼ਣ ਦੇ ਅਨੁਸਾਰ ਘੱਟ ਆਮਦਨੀ ਵਾਲੇ ਪਰਿਵਾਰਾਂ ਨਾਲ ਸੰਬੰਧਿਤ 86% ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦੀ ਬਜਾਇ ਇੱਕ ਬਜਟ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਹੋਏ ਸਨ।