Latest news

ਵਿੱਦਿਆ ਅੰੰਮ੍ਰਿਤ ਮਹਾਉਤਸਵ ਲਈ ਅਧਿਕਾਰੀ ਅਤੇ ਅਧਿਆਪਕ ਚੁਣੌਤੀਆਂ ਨਾਲ ਜੂਝਣ ਦੇ ਹੱਲ ਦੱਸਣਗੇ

ਵਿੱਦਿਆ ਅੰੰਮ੍ਰਿਤ ਮਹਾਉਤਸਵ ਲਈ ਅਧਿਕਾਰੀ ਅਤੇ ਅਧਿਆਪਕ ਚੁਣੌਤੀਆਂ ਨਾਲ ਜੂਝਣ ਦੇ ਹੱਲ ਦੱਸਣਗੇ

– ਦੀਕਸ਼ਾ ਐਪ ‘ਤੇ ਅਪਲੋਡ ਕੀਤੀਆਂ ਜਾਣਗੀਆਂ ਅਧਿਆਪਕਾਂ ਅਤੇ ਅਧਿਕਾਰੀਆਂ ਦੀਆਂ ਬੈਸਟ ਪ੍ਰੈਕਟਿਸਜ਼

ਸਿੱਖਿਆ ਫੋਕਸ, ਐੱਸ.ਏ.ਐੱਸ. ਨਗਰ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਸਹਿਯੋਗ ਨਾਲ ਦੀਕਸ਼ਾ (ਡਿਜੀਟਲ ਇੰਫ਼੍ਰਾਸਟਰਕਚਰ ਫ਼ਾਰ ਨੌਲੇਜ ਸ਼ੇਅਰਿੰਗ) ਐਪ ਦੀ ਵਰਤੋਂ ਕਰਦਿਆਂ ਵਿੱਦਿਆ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਇਸ ਤਹਿਤ 25 ਨਵੰਬਰ ਤੱਕ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਸਿੱਖਿਆ ਦੀ ਬਿਹਤਰੀ ਲਈ ਲਾਗੂ ਬੈਸਟ ਪ੍ਰੈਕਟਿਸਜ਼ ਅਤੇ ਸਿੱਖਿਆ ਪ੍ਰਦਾਨ ਕਰਨ ਸਮੇਂ ਆਈਆਂ ਚੁਣੌਤੀਆਂ ਦੇ ਹੱਲ ਦਰਜ ਕਰਨ ਲਈ ਵੱਖ-ਵੱਖ ਮਾਧਿਅਮਾਂ ਰਾਹੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਬਿਹਤਰੀ ਲਈ ਵਿਭਾਗ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ। ਇਹਨਾਂ ਕਾਰਜਾਂ ਨੂੰ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਮਾਨਤਾ ਵੀ ਦਿੱਤੀ ਜਾਂਦੀ ਹੈ। ਪਰ ਕਈ ਸਾਰੇ ਅਧਿਆਪਕਾਂ ਅਤੇ ਅਧਿਕਾਰੀਆਂ ਦੇ ਇਹ ਕਾਰਜ ਰਿਕਾਰਡ ‘ਤੇ ਨਹੀਂ ਆਉਂਦੇ ਜਿਸ ਕਾਰਨ ਬਾਕੀ ਅਧਿਆਪਕ ਅਤੇ ਅਧਿਕਾਰੀ ਇਹਨਾਂ ਦੇ ਸਾਕਾਰਾਤਮਕ ਪ੍ਰਭਾਵਾਂ ਤੋਂ ਅਣਜਾਣ ਰਹਿੰਦੇ ਹਨ।

ਇਸ ਲਈ ਵਿੱਦਿਆ ਅੰਮ੍ਰਿਤ ਮਹਾਉਤਸਵ ਤਹਿਤ ਇਹਨਾਂ ਬੈਸਟ ਪ੍ਰੈਕਟਿਸਜ਼ ਨੂੰ ਦੀਕਸ਼ਾ ਐਪ ਰਾਹੀਂ ਸੂਚੀਬੱਧ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟਰੇਨਿੰਗਾਂ ਐੱਸ.ਸੀ.ਈ.ਆਰ.ਟੀ. ਪੰਜਾਬ ਅਤੇ ਸੁਸ਼ੀਲ ਭਾਰਦਵਾਜ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਗੁਣਾਤਮਿਕ ਸਿੱਖਿਆ ਸੈਕੰਡਰੀ ਦੁਆਰਾ ਵੀ ਇੱਕ ਵਿਸ਼ੇਸ਼ ਲੈਕਚਰ ਐਜੂਸੈੱਟ ਰਾਹੀਂ ਸਮੂਹ ਅਧਿਆਪਕਾਂ ਅਤੇ ਅਧਿਕਾਰੀਆਂ ਲਈ ਪ੍ਰਸਾਰਿਤ ਕੀਤਾ ਗਿਆ ਹੈ।

ਵਿੱਦਿਆ ਅੰਮ੍ਰਿਤ ਮਹਾਉਤਸਵ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਅਧਿਕਾਰੀਆਂ ਅਤੇ ਅਧਿਆਪਕਾਂ ਦੁਆਰਾ ਸਿੱਖਿਆ ਦੀ ਬਿਹਤਰੀ ਲਈ ਆਈਆਂ ਚੁਣੌਤੀਆਂ ਦੇ ਹੱਲ ਅਤੇ ਉਹਨਾਂ ਦੀ ਦਸਤਾਵੇਜੀ ਵੀਡੀਓਜ਼ ਨੂੰ ਦੀਕਸ਼ਾ ਐਪ ‘ਤੇ ਅਪਲੋਡ ਕੀਤਾ ਜਾਣਾ ਹੈ। ਅਧਿਆਪਕਾਂ ਅਤੇ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਐਂਟਰੀਆਂ ਨੂੰ ਜ਼ਿਲ੍ਹਾ ਵਾਈਜ਼ ਰਿਵਿਊ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ।

ਇਸ ਉਪਰੰਤ ਉਹਨਾਂ ਵੱਲੋਂ ਸੂਚੀਬੱਧ ਕੀਤੀਆਂ ਗਈਆਂ ਐਂਟਰੀਆਂ ਨੂੰ ਮੁੱਖ ਦਫ਼ਤਰ ਦੀ ਪੰਜ ਮੈਂਬਰੀ ਕਮੇਟੀ ਰਿਵਿਊ ਕਰਕੇ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਨੂੰ ਭੇਜੇਗੀ। ਇਸ ਕਮੇਟੀ ਦੇ ਵਿੱਚ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਅਤੇ 4 ਹੋਰ ਮੈਂਬਰ ਸਿੱਖਿਆ ਵਿਭਾਗ ਵੱਲੋਂ ਨਾਮਜਦ ਕੀਤੇ ਗਏ ਹਨ।

ਇਸ ਸੰਬੰਧੀ ਇੱਕ ਜ਼ੂਮ ਮੀਟਿੰਗ ਵੀ ਕੀਤੀ ਗਈ ਹੈ ਜਿਸ ਵਿੱਚ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਅਧਿਆਪਕਾਂ ਨੂੰ ਪ੍ਰੇਰਿਤ ਅਤੇ ੳਤਸ਼ਾਹਿਤ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰਾਂ ਦੀ ਓਰੀਐਂਟੇਸ਼ਨ ਕੀਤੀ ਗਈ ਹੈ। ਇਸਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਾਂ ਅਤੇ ਮੀਡੀਆ ਟੀਮਾਂ ਨੂੰ ਵੀ ਇਸ ਪ੍ਰੋਗਰਾਮ ਦਾ ਸੰਦੇਸ਼ ਵੱਧ ਤੋਂ ਵੱਧ ਅਧਿਆਪਕਾਂ ਤੱਕ ਪੁੱਜਦਾ ਕਰਨ ਲਈ ਬਣਦਾ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ।

Leave a Reply

Your email address will not be published.