Latest news

ਡੀਟੀਐੱਫ ਵੱਲੋਂ ਡੀਪੀਆਈ (ਐ: ਸਿੱ:) ਨਾਲ ਕੀਤੀ ਮੁਲਾਕਾਤ

ਡੀਟੀਐੱਫ ਵੱਲੋਂ ਡੀਪੀਆਈ (ਐ: ਸਿੱ:) ਨਾਲ ਕੀਤੀ ਮੁਲਾਕਾਤ

 

– ਰੋਕੇ ਇਨਕਰੀਮੈਂਟਾਂ ਦੀ ਬਹਾਲੀ, ਪੈਂਡਿੰਗ ਭਰਤੀਆਂ ਅਤੇ ਤਰੱਕੀਆਂ ਮੁਕੰਮਲ ਕਰਨ ਦੀ ਮੰਗ

 

ਸਿੱਖਿਆ ਫੋਕਸ, ਪਟਿਆਲਾ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਡੀਪੀਆਈ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਹਰਿੰਦਰ ਕੌਰ ਨਾਲ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਸਾਲ 2018 ਦੇ ਨਿਯਮਾਂ ਵਿੱਚ ਸੋਧਾਂ ਕਰਨ, ਵਿਭਾਗੀ ਪ੍ਰੀਖਿਆ ਦੀ ਆਡ਼ ਵਿਚ ਰੋਕੇ ਸਾਲਾਨਾ ਇਨਕਰੀਮੈਂਟ ਜਾਰੀ ਕਰਨ, ਈਟੀਟੀ ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ ਮੁਕੰਮਲ ਕਰਨ ਤੇ 6635, 5994, 2364 ਈਟੀਟੀ ਭਰਤੀਆਂ ਦੀ ਨਿਯੁਕਤੀ ਪ੍ਰਕਿਰਿਆ ਮੁਕੰਮਲ ਕਰਨ ਸਬੰਧੀ ਗੱਲਬਾਤ ਕੀਤੀ ਗਈ।

ਮੀਟਿੰਗ ਦੌਰਾਨ ਹੋਈ ਗੱਲਬਾਤ ਸਾਂਝੀ ਕਰਦਿਆਂ ਡੀਟੀਐੱਫ ਆਗੂਆਂ ਪਰਮਿੰਦਰ ਮਾਨਸਾ, ਹਰਿੰਦਰਜੀਤ ਸਿੰਘ ਅਤੇ ਹਰਵਿੰਦਰ ਰੱਖਡ਼ਾ ਨੇ ਦੱਸਿਆ ਕਿ ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਸੇਵਾ ਨਿਯਮਾਂ ਤਹਿਤ ਵਿਭਾਗੀ ਪ੍ਰੀਖਿਆ ਪਾਸ ਕਰਨ ਦੀ ਲਗਾਈ ਗੈਰ-ਵਾਜਿਬ ਸ਼ਰਤ ਤਹਿਤ ਰੋਕੇ ਸਲਾਨਾ ਇਨਕਰੀਮੈਂਟ ਜਾਰੀ ਕਰਨ ਅਤੇ ਸੇਵਾ ਨਿਯਮ ਸੋਧਣ ਸਬੰਧੀ ਡੀਪੀਆਈ ਨੇ ਸਿੱਖਿਆ ਸਕੱਤਰ ਦੇ ਪੱਧਰ ‘ਤੇ ਜਲਦ ਪੈਰਵਾਈ ਕਰਨ ਦਾ ਭਰੋਸਾ ਦਿੱਤਾ।

ਈਟੀਟੀ ਤੋਂ ਮਾਸਟਰ ਕਾਡਰ ਦੀ ਕਈ ਸਾਲਾਂ ਤੋਂ ਲਟਕੀ ਪ੍ਰੋਮੋਸ਼ਨ ਸਬੰਧੀ ਡੀਟੀਐਫ ਵੱਲੋਂ ਸਖ਼ਤ ਇਤਰਾਜ਼ ਦਰਜ ਕਰਵਾਇਆ ਗਿਆ। ਡੀਪੀਆਈ ਨੇ ਦੱਸਿਆ ਕਿ ਨਿਯਮਾਂ ਵਿੱਚ ਸੋਧ ਨੂੰ ਸਿੱਖਿਆ ਸਕੱਤਰ ਦੇ ਦਫਤਰ ਭੇਜਿਆ ਹੋਇਆ ਹੈ, ਜਿਸ ਦੇ ਮੁਕੰਮਲ ਹੋਣ ਉਪਰੰਤ ਤਰੱਕੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

6635 ਈਟੀਟੀ ਭਰਤੀ ਦੀ ਉਡੀਕ ਸੂਚੀ ਅਤੇ ਡੀ ਰਿਜ਼ਰਵ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਕੇ, ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, 5994 ਈਟੀਟੀ ਭਰਤੀ ਦਾ ਆਨਲਾਈਨ ਪੋਰਟਲ ਚਾਲੂ ਕਰਨ ਅਤੇ 2364 ਈਟੀਟੀ ਭਰਤੀ ਦੇ ਮਾਮਲੇ ਵਿੱਚ ਕਾਨੂੰਨੀ ਚਾਰਜੋਈ ਨੂੰ ਤੇਜ਼ ਕਰਕੇ ਭਰਤੀ ਪ੍ਰਕਿਰਿਆ ਅੱਗੇ ਵਧਾਉਣ ਸਬੰਧੀ ਡੀਪੀਆਈ ਨੇ ਸਮਾਂਬੱਧ ਮਾਮਲੇ ਹੱਲ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਹੈੱਡ ਟੀਚਰਾਂ (ਐੱਚ.ਟੀ) ਦੀਆਂ 1558 ਅਤੇ ਸੈਂਟਰ ਹੈੱਡ ਟੀਚਰਾਂ (ਸੀ.ਐੱਚ.ਟੀ.) ਦੀਆਂ 375 ਅਸਾਮੀਆਂ ‘ਤੇ ਕਾਨੂੰਨੀ ਅੜਿੱਕਿਆਂ ਕਾਰਨ ਦੇਰੀ ਨਾਲ ਹਾਜ਼ਰ ਹੋਣ ਵਾਲੇ 108 ਐੱਚ.ਟੀ. ਅਤੇ 54 ਸੀ.ਐੱਚ.ਟੀ. ਦਾ ਪਰਖਕਾਲ ਬਾਕੀ ਭਰਤੀ ਅਨੁਸਾਰ ਹੀ ਮੁਕੰਮਲ ਕਰਕੇ ਪੰਜਾਬ ਤਨਖਾਹ ਸਕੇਲ ਤੇ ਹੋਰ ਲਾਭ ਲਾਗੂ ਕੀਤੇ ਜਾਣ।

ਇਸੇ ਤਰ੍ਹਾਂ ਇਨ੍ਹਾਂ ਭਰਤੀਆਂ ਤਹਿਤ ਹੀ ਐਚ.ਟੀ. ਵਜੋਂ ਹਾਜ਼ਰ ਹੋਣ ਤੋਂ ਬਾਅਦ ਵਿੱਚ ਸੀ.ਐਚ.ਟੀ. ਜੁਆਇਨ ਕਰਨ ਵਾਲੇ ਅਧਿਆਪਕਾਂ ਦਾ ਪਰਖ ਸਮਾਂ ਦੋਨੋਂ ਕਾਡਰਾਂ ਵਿੱਚ ਲਗਾਏ ਸਮੇਂ ਨੂੰ ਮਰਜ ਕਰਕੇ ਮੁਕੰਮਲ ਕਰਨ ਅਤੇ ਸਾਰੇ ਵਿੱਤੀ ਲਾਭ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸਾਲ 2014 ਦੌਰਾਨ ਸ਼ਿਫਟ ਕੀਤੇ ਈਟੀਟੀ ਅਧਿਆਪਕਾਂ ਦੀਆਂ ਤਨਖ਼ਾਹ ਅਨਾਮਲੀਆਂ ਦੂਰ ਕਰਨ ਅਤੇ ਰਹਿੰਦੀਆਂ ਤਰੱਕੀਆਂ ਮੁਕੰਮਲ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਗੁਰਵਿੰਦਰ ਮਾਨਸਾ, ਰਿੰਕੂ ਕੁਮਾਰ ਰਾਜਪੁਰਾ, ਕੰਵਰਜੀਤ ਧਾਲੀਵਾਲ, ਅਮਰਿੰਦਰ ਸਿੰਘ, ਪਰਮਜੀਤ ਸਿੰਘ ਆਦਿ ਵੀ ਮੌਜੂਦ ਰਹੇ।

Leave a Reply

Your email address will not be published.