“ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤਕ ਰਾਤ ਬਾਕੀ ਏ”
“ਮਸ਼ਾਲਾਂ ਬਾਲ ਕੇ ਰੱਖਣਾ ਜਦੋਂ ਤਕ ਰਾਤ ਬਾਕੀ ਏ”
– ਆਜ਼ਾਦੀ ਮਹੋਤਸਵ ਤਹਿਤ ਜ਼ਿਲ੍ਹਾ ਪੱਧਰੀ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ
ਸਿੱਖਿਆ ਫੋਕਸ, ਜਲੰਧਰ। ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਤਹਿਤ ਅੱਜ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ। ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੀਵ ਜੋਸ਼ੀ, ਨੋਡਲ ਅਫਸਰ ਪ੍ਰਿੰਸੀਪਲ ਅਨਿਲ ਕੁਮਾਰ ਅਵਸਥੀ ਅਤੇ ਸਹਾਇਕ ਨੋਡਲ ਅਫਸਰ ਪ੍ਰਿੰਸੀਪਲ ਦਿਨੇਸ਼ ਵਰਮਾ ਦੀ ਅਗਵਾਈ ਹੇਠ ਕਰਵਾਏ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਤਹਿਸੀਲ ਪੱਧਰੀ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਦੇ ਤਕਰੀਬਨ 200 ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਵੱਲੋਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਸ ਕੋਰੀਓਗ੍ਰਾਫੀ ਮੁਕਾਬਲੇ ਵਿੱਚ ਭਾਗ ਲਿਆ ਗਿਆ। ਅੱਜ ਦੇ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪਪੁਰਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਭੰਡਾਲ ਹਿੰਮਤ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਕੋਦਰ (ਮੁੰਡੇ ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਗਾਂਧੀਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੱਜ ਦੇ ਜ਼ਿਲ੍ਹਾ ਪੱਧਰੀ ਕੋਰੀਓਗ੍ਰਾਫੀ ਮੁਕਾਬਲਿਆਂ ਵਿਚ ਪ੍ਰਿੰਸੀਪਲ ਸੰਦੀਪ ਕੌਰ, ਪ੍ਰਿੰਸੀਪਲ ਕੁਮੁਦ ਸ਼ਰਮਾ,ਮਨਦੀਪ ਕੌਰ ਅਤੇ ਹਰਜੀਤ ਕੌਰ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਸਟੇਜ ਸਕੱਤਰ ਦੀ ਭੂੁਮਿਕਾ ਬਲਜੀਤ ਬੱਲ ਵਲੋਂ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਅਤੇ ਨੋਡਲ ਅਫਸਰ ਪ੍ਰਿੰਸੀਪਲ ਅਨਿਲ ਕੁਮਾਰ ਅਵਸਥੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਰਾਜੀਵ ਜੋਸ਼ੀ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੀਆ ਵਧਾਈਆਂ ਦਿੱਤੀਆਂ ਗਈਆਂ।
ਪ੍ਰਿੰਸੀਪਲ ਅਨਿਲ ਕੁਮਾਰ ਅਵਸਥੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਜੇਤੂ ਟੀਮਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਸਮੂਹ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਵਧਾਈ ਦੇ ਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਗ ਲੈਣ ਵਾਲੇ ਸਕੂਲਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਨਾਲ ਆਏ ਗਾਈਡ ਅਧਿਆਪਕ ਮੌਜੂਦ ਸਨ।