ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ 13 ਨਵੰਬਰ ਨੂੰ – ਆਗੂ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ 13 ਨਵੰਬਰ ਨੂੰ – ਆਗੂ
-ਮੀਟਿੰਗਾਂ ਵਿੱਚ ਸਹਿਮਤੀ ਦੇ ਬਾਵਜੂਦ ਅਧਿਆਪਕਾਂ ਦੇ ਮਸਲੇ ਹੱਲ ਨਾ ਕਰਨ ਦਾ ਲਾਇਆ ਦੋਸ਼
ਸਿੱਖਿਆ ਫੋਕਸ, ਜਲੰਧਰ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਆਗੂਆਂ ਦੀ ਮੀਟਿੰਗ ਨਵਪ੍ਰੀਤ ਬੱਲੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਰਿੰਦਰ ਪੁਆਰੀ, ਕਰਨੈਲ ਫਿਲੌਰ, ਹਰਬੰਸ ਲਾਲ ਪਰਜੀਆਂ, ਕੁਲਦੀਪ ਸਿੰਘ ਬਾਹਮਣੀਆਂ, ਕੰਵਲਜੀਤ ਸੰਗੋਵਾਲ, ਬੇਅੰਤ ਸਿੰਘ, ਸੁਖਵਿੰਦਰ ਸਿੰਘ ਮੱਕੜ, ਹਰਕੰਵਲ ਸਿੰਘ ਸੰਧੂ, ਬਲਜੀਤ ਸਿੰਘ ਕੁਲਾਰ, ਪਰਮਿੰਦਰ ਸਿੰਘ ਸੰਢਾਂਵਾਲ, ਰਾਕੇਸ਼ ਕੁਮਾਰ ਬੰਟੀ, ਗੁਰਮੇਜ ਹੀਰ, ਹਰਬੰਸ ਲਾਲ ਜਲੰਧਰ, ਰਸ਼ਮਿੰਦਰ ਸੋਨੂੰ, ਮੰਗਤ ਸਿੰਘ, ਰਮਨ ਗੁਪਤਾ, ਕਸ਼ਮੀਰ ਸਿੰਘ, ਮੇਜਰ ਸਿੰਘ, ਰਗਜੀਤ ਸਿੰਘ, ਹਰਮਨਜੋਤ ਸਿੰਘ, ਸੁਖਵਿੰਦਰਪਾਲ, ਜੀਵਨ ਲਾਲ, ਗੁਰਦੇਵ ਰਾਮ ਚਿੱਟੀ, ਸੁਖਬੀਰ ਸਿੰਘ, ਪ੍ਰਤਾਪ ਸਿੰਘ ਆਦਿ ਆਗੂ ਸ਼ਾਮਲ ਹੋਏ। ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਸਿੱਖਿਆ ਦੀ ਰਾਖੀ ਕਰਨ ਦੀ ਬਜਾਏ ਰਾਸ਼ਟਰੀ ਸਿੱਖਿਆ ਨੀਤੀ ਨੂੰ ਵੱਖ ਵੱਖ ਨਾਵਾਂ ਨਾਲ ਲਾਗੂ ਕਰਕੇ ਸਰਕਾਰੀ ਸਕੂਲਾਂ ਨੂੰ ਖ਼ਤਮ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ।
ਇਸ ਰੋਸ ਵਜੋਂ ਅਤੇ ਅਧਿਆਪਕ ਮਸਲੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ ਦੇ ਰੋਸ ਵਜੋਂ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਵਿੱਚ ਵਿਸ਼ਾਵਾਰ ਪੋਸਟਾਂ ਦੀ ਸਿਰਜਣਾ ਕਰਨ, ਪੁਰਾਣੀ ਪੈਨਸ਼ਨ ਪੂਰਨ ਰੂਪ ਵਿੱਚ ਬਹਾਲ ਕਰਨ, ਮੁਢਲੀ ਤਨਖਾਹ ‘ਤੇ ਨਿਯੁਕਤੀ ਦਾ ਪੱਤਰ ਵਾਪਸ ਲੈਣ, ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਵਾਪਸ ਲੈਣ ਸਮੇਤ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, ਸਿੱਧੀ ਭਰਤੀ /ਪਦਉਨਤ ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ ਦੀ ਬਜਾਏ ਅੰਡਰਟੇਕਿੰਗ ਲੈਣ, ਹੋਈਆਂ ਬਦਲੀਆਂ ਲਾਗੂ ਨਾ ਕਰਨ, ਮੋਰਚੇ ਵਲੋਂ ਤਜਵੀਜ਼ ਕੀਤੀਆਂ ਸੋਧਾਂ ਲਾਗੂ ਨਾ ਕਰਨ, ਸੰਗੀਤ ਅਧਿਆਪਕਾਂ/ਵੋਕੇਸ਼ਨ ਦੀਆਂ ਬਦਲੀਆਂ ਦੇ ਪੋਰਟਲ ‘ਤੇ ਪੋਸਟਾਂ ਨਾ ਦਰਸਾਉਣ, ਇੱਕ ਸਕੂਲ ਵਿੱਚ 2-2 ਸੈਂਟਰ/ਹੈੰਡ ਟੀਚਰਾਂ ਦੀਆਂ ਨਿਯੁਕਤੀਆਂ ਕਰਨ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਸਮੇਤ ਹਰ ਵਰਗ ਦੀਆਂ ਪਦਉਨਤੀਆਂ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਕੱਟੇ ਭੱਤੇ ਬਹਾਲ ਕਰਨ, 180 ਈ ਟੀ ਟੀ ਅਧਿਆਪਕਾਂ ਤੇ ਪੰਜਾਬ ਦਾ ਸਕੇਲ ਲਾਗੂ ਕਰਨ, ਬਾਹਰਲੀਆਂ ਯੂਨੀਵਰਸਿਟੀਆਂ ਦੇ ਰਹਿੰਦੇ ਅਧਿਆਪਕਾਂ ਨੂੰ ਰੈਗੂਲਰ ਕਰਨ, ਅਧਿਆਪਕਾਂ ਤੋਂ ਹਰ ਤਰ੍ਹਾਂ ਦੇ ਗੈਰਵਿਦਿਅਕ ਕੰਮ ਲੈਣੇ ਬੰਦ ਕਰਨ, ਨਾਨ ਟੀਚਿੰਗ ‘ਤੇ ਟੈੱਟ ਦੀ ਸ਼ਰਤ ਰੱਦ ਕਰਨ, ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ ਵਿੱਚ ਦੇਰੀ ਕਰਨ, ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਥੋਪੀਆਂ ਜਾ ਰਹੀਆਂ ਫ਼ੀਸਾਂ ਰੱਦ ਕਰਨ, ਸਰਟੀਫਿਕੇਟਾਂ ਦੀ ਹਾਰਡ ਕਾਪੀ ਜਾਰੀ ਕਰਨ ਸਮੇਤ ਸਮੁੱਚੀਆਂ ਮੰਗਾਂ ਮਨਵਾਉਣ ਲਈ ਸਕੂਲਾਂ ਦੇ ਸਰਕਾਰੀਕਰਨ ਦੀ 65ਵੀਂ ਵਰ੍ਹੇਗੰਢ ਮੌਕੇ ਪਹਿਲੀ ਅਕਤੂਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਜਿਸ ਦੇ ਸਿੱਟੇ ਵਜੋਂ ਸਿੱਖਿਆ ਮੰਤਰੀ ਜੀ ਵਲੋਂ 12 ਅਕਤੂਬਰ ਨੂੰ ਮੀਟਿੰਗ ਕੀਤੀ ਗਈ ਸੀ। ਉਸੇ ਦਿਨ ਹੋਰ ਜਥੇਬੰਦੀਆਂ ਨੂੰ ਵੀ ਸੱਦਿਆ ਗਿਆ ਸੀ, ਜਿਸ ਕਾਰਨ ਸਮੁੱਚੇ ਮਸਲਿਆਂ ‘ਤੇ ਚਰਚਾ ਨਹੀਂ ਸੀ ਹੋ ਸਕੀ। ਸਮੁੱਚੇ ਮਸਲਿਆਂ ‘ਤੇ ਚਰਚਾ ਕਰਨ ਲਈ ਦੀਵਾਲੀ ਤੋਂ ਪਹਿਲਾਂ ਮੀਟਿੰਗ ਕਰਨ ਦੀ ਤਜਵੀਜ਼ ਸਿੱਖਿਆ ਮੰਤਰੀ ਜੀ ਵਲੋਂ ਦਿੱਤੀ ਗਈ ਸੀ, ਜਿਸ ‘ਤੇ ਅਮਲ ਨਹੀਂ ਕੀਤਾ ਗਿਆ।
ਉਪਰੋਕਤ ਮਸਲਿਆਂ ਸਮੇਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਨਾਲ ਸਬੰਧਤ ਸਮੁੱਚੇ ਮਸਲਿਆਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ ਪਹਿਲਾਂ ਮੁਲਤਵੀ ਕੀਤਾ ਚਿਤਾਵਨੀ ਮਾਰਚ 13 ਨਵੰਬਰ ਨੂੰ ਆਨੰਦਪੁਰ ਸਾਹਿਬ ਤੋਂ ਸਿੱਖਿਆ ਮੰਤਰੀ ਦੇ ਘਰ ਤੱਕ ਕੀਤਾ ਜਾਵੇਗਾ।
ਪੰਜਾਬ ਦੇ ਅਧਿਆਪਕ ਜਦੋਂ ਸੋਲਨ ਵਿਖੇ ਕੇਜਰੀਵਾਲ ਦੇ ਰੋਡ ਸ਼ੋਅ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਤਾਂ ਕੇਜਰੀਵਾਲ ਵਲੋਂ ਉਨ੍ਹਾਂ ਵਾਰੇ ਭੱਦੀਆਂ ਟਿੱਪਣੀਆਂ ਕਰਨ ਸਮੇਂ ਸਿੱਖਿਆ ਮੰਤਰੀ ਤਾੜੀਆਂ ਵਜਾਉਂਦੇ ਹਨ, ਜਿਸ ਦੀ ਸਾਂਝਾ ਅਧਿਆਪਕ ਮੋਰਚਾ ਪੁਰਜ਼ੋਰ ਨਿੰਦਾ ਕਰਦਾ ਹੈ।
ਆਗੂਆਂ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ 13 ਨਵੰਬਰ 2022 ਦਿਨ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਇਸ ਚਿਤਾਵਨੀ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।