Latest news

ਕੈਨੇਡਾ ’ਚ ‘ਸਟੱਡੀ ਵੀਜ਼ਾ’, ਟਾਪਰਾਂ ਨੂੰ ਵੀ ਹੋਣ ਲਗਾ ਇਨਕਾਰ

ਕੈਨੇਡਾ ’ਚ ‘ਸਟੱਡੀ ਵੀਜ਼ਾ’, ਟਾਪਰਾਂ ਨੂੰ ਵੀ ਹੋਣ ਲਗਾ ਇਨਕਾਰ

 

 

– 75 ਤੋਂ 85 ਫੀਸਦ ਤੱਕ ਵੀਜ਼ਾ ਦਰ ‘ਚ ਆਈ ਘਾਟ

 

 

ਸਿੱਖਿਆ ਫੋਕਸ, ਚੰਡੀਗੜ੍ਹ। ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਈਲੈਟਸ (IELTS) ਵਿੱਚ ਚੰਗੇ ਸਕੋਰ ਅਤੇ ਚੰਗੀ ਪ੍ਰੋਫਾਈਲ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਹ ਦਰ 15% ਤੋਂ 20% ਦੇ ਵਿਚਕਾਰ ਸੀ, ਹੁਣ ਵੀਜ਼ਾ ਰੱਦ ਹੋਣ ਦੀ ਦਰ 75 ਤੋਂ 85 ਫੀਸਦ ਤੱਕ ਦੱਸੀ ਜਾ ਰਹੀ ਹੈ।

 

 

ਵੀਜ਼ਾ ਰੱਦ ਕਰਨ ਦੀ ਦਰ ਵਿਚ ਵਾਧਾ

ਵੀਜ਼ਾ ਸਲਾਹਕਾਰ ਅਨੁਜ ਪਾਰਿਖ ਦੇ ਅਨੁਸਾਰ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਰੱਦ ਹੋਣ ਦੀ ਦਰ ਇਸ ਸਾਲ ਦੁੱਗਣੀ ਤੋਂ ਵੱਧ ਹੋ ਗਈ ਹੈ, ਜਿਸ ਨਾਲ ਬਹੁਤ ਸਾਰੇ ਵਿਦਿਆਰਥੀ ਸਹੀ ਸਕੋਰ ਅਤੇ ਕਾਗਜ਼ੀ ਕਾਰਵਾਈ ਦੇ ਬਾਵਜੂਦ ਰੱਦ ਹੋ ਗਏ ਹਨ।

 

ਇਸ ਦੇ ਨਾਲ ਹੀ ਵੀਜ਼ਾ ਸਲਾਹਕਾਰ ਭਾਵਿਨ ਠਾਕਰ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਵੀਕ੍ਰਿਤੀ ਦਰ 85% ਸੀ, ਜੋ ਹੁਣ ਘਟ ਕੇ ਲਗਭਗ 55% ਰਹਿ ਗਈ ਹੈ। ਇਹ ਲੰਬਿਤ ਅਰਜ਼ੀਆਂ ਦੀ ਵਧਦੀ ਗਿਣਤੀ ਕਾਰਨ ਹੋ ਸਕਦਾ ਹੈ।ਅੰਗਰੇਜ਼ੀ ਦੇ ਗਿਆਨ ਦੇ ਟੈਸਟ ਵਾਰ-ਵਾਰ ਦੇ ਕੇ ਅਤੇ ਬੈਂਡ ਵਧਾਉਣ ਦੇ ਬਾਵਜੂਦ ਬਿਨੈਕਾਰਾਂ ਨੂੰ ਵੀਜ਼ਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਈ ਵਿਦਿਆਰਥੀਆਂ ਦੇ ਕੇਸ 3-4 ਵਾਰੀ ਰੱਦ ਹੋ ਚੁੱਕੇ ਹਨ।

 

 

ਟਾਪਰਾਂ ਦਾ ਵੀਜ਼ਾ ਵੀ ਕੀਤਾ ਗਿਆ ਰੱਦ

ਇਕਨਾਮਿਕ ਟਾਈਮਜ਼ ਵਿਚ ਛਪੀ ਖ਼ਬਰ ਮੁਤਾਬਕ ਸਲਾਹਕਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਵਧਦੀ ਦਰ ਹੈਰਾਨੀਜਨਕ ਹੈ। ਆਪਣੇ ਖੇਤਰ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਤੇ ਟਾਪਰ ਰਹੇ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਦੇ ਮੌਕੇ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਜਦੋਂ ਕਿ ਪਹਿਲਾਂ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵੀਜ਼ਾ ਮਿਲਣਾ ਲਗਭਗ ਤੈਅ ਸੀ।

 

ਕੀ ਹੋ ਸਕਦਾ ਹੈ ਕਾਰਨ?

ਸਲਾਹਕਾਰਾਂ ਦਾ ਅੰਦਾਜ਼ਾ ਹੈ ਕਿ ਕੋਵਿਡ-19 ਕਾਰਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਉੱਚ ਸਿੱਖਿਆ ਲਈ ਵਿਦੇਸ਼ੀ ਵਿਦਿਆਰਥੀਆਂ ‘ਤੇ ਰੋਕ ਲੱਗੀ ਹੋਈ ਹੈ, ਜਿਸ ਨਾਲ ਵਿਦਿਆਰਥੀ ਹੁਣ ਕੈਨੇਡਾ ਵੱਲ ਰੁਖ਼ ਕਰ ਰਹੇ ਹਨ। ਇਸ ਕਾਰਨ ਬਿਨੈਕਾਰਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।

 

ਬੀਤੇ ਸਮੇਂ ਵਿਚ ਕਰੀਅਰ ਕਾਲਜਾਂ ਦੇ ਪ੍ਰਬੰਧਕੀ ਕਾਰਜਾਂ ਵਿਚ ਖਾਮੀਂ ਕਾਰਨ ਕੈਨੇਡਾ ਸਰਕਾਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਅਤੇ ਪਤਾ ਲੱਗਿਆ ਕਿ ਮੁੰਡਿਆਂ ਅਤੇ ਕੁੜੀਆਂ ਦਾ ਉਦੇਸ਼ ਪੜ੍ਹਾਈ ਕਰਨਾ ਨਹੀਂ ਸਗੋਂ ਸਟੱਡੀ ਵੀਜ਼ਾ ਦੇ ਸਹਾਰੇ ਕੈਨੇਡਾ ਵਿਚ ਪੈਰ ਰੱਖਣਾ ਅਤੇ ਪੱਕੇ ਹੋਣ ਲਈ ਜੁਗਾੜ ਕਰਨਾ ਹੀ ਰਹਿ ਗਿਆ ਹੈ। ਇਸ ਵਰਤਾਰੇ ਨਾਲ ਪੱਕੇ ਹੋਣ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਕੈਨੇਡਾ ਦੇ ਵਿਦਿਅਕ ਅਤੇ ਕਾਰੋਬਾਰੀ ਅਦਾਰਿਆਂ ਤੋਂ ਖਰੀਦ-ਵੇਚ ਦਾ ਭ੍ਰਿਸ਼ਟਾਚਾਰ ਵੀ ਸਿਖਰ ‘ਤੇ ਪੁੱਜਦਾ ਗਿਆ, ਜਿਸ ਕਾਰਨ ਕੈਨੇਡਾ ਵਾਸੀ ਅਤੇ ਕੈਨੇਡਾ ਸਰਕਾਰ ਚਿੰਤਤ ਹੋ ਗਈ।

 

ਅਜਿਹੇ ਵਿਚ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਮੈਸਟਰਾਂ ਲਈ ਭਾਰਤ ਦੇ ਬਿਨੈਕਾਰਾਂ ਨੂੰ ਆਮ ਨਾਲੋਂ ਬਹੁਤ ਘੱਟ ਵੀਜ਼ੇ ਮਿਲਣ ਦੀਆਂ ਖ਼ਬਰਾਂ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ ਵੀ 25 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਹਨ।

 

 

 

ਵਿਦਿਆਰਥੀਆਂ ‘ਤੇ ਵਧਦਾ ਦਬਾਅ

 

ਵੀਜ਼ਾ ਸਲਾਹਕਾਰ ਅੰਕਿਤ ਮਿਸਤਰੀ ਨੇ ਕਿਹਾ ਕਿ ਅਸਵੀਕਾਰ ਕਰਨ ਲਈ ਕੋਈ ਰਸਮੀ ਸਪੱਸ਼ਟੀਕਰਨ ਨਹੀਂ ਹੈ ਪਰ ਇਹ ਹੈਰਾਨੀਜਨਕ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਅਕਾਦਮਿਕ ਪ੍ਰੋਫਾਈਲ ਅਤੇ ਸਹੀ ਕਾਗਜ਼ਾਤ ਹਨ। ਅਸਧਾਰਨ ਤੌਰ ‘ਤੇ ਵੱਧ ਰਹੀ ਅਸਵੀਕਾਰਨ ਦਰ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ‘ਤੇ ਬਹੁਤ ਦਬਾਅ ਹੈ।

Leave a Reply

Your email address will not be published.

%d bloggers like this: