ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡਾਂ ਲਈ ਚੁਣੇ ਪੰਜਾਬ ਦੇ 2 ਅਧਿਆਪਕਾਂ ਨੂੰ ਵਧਾਈ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡਾਂ ਲਈ ਚੁਣੇ ਪੰਜਾਬ ਦੇ 2 ਅਧਿਆਪਕਾਂ ਨੂੰ ਵਧਾਈ
– ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦਾਤੇਵਾਸ ਅਤੇ ਪ੍ਰਾਇਮਰੀ ਸਕੂਲ ਬੀਹਲਾ ਦੇ ਹੈੱਡ ਟੀਚਰ ਹਰਪ੍ਰੀਤ ਸਿੰਘ ਦੀ ਹੋਈ ਚੋਣ
ਸਿੱਖਿਆ ਫੋਕਸ, ਜਲੰਧਰ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮੀ ਐਵਾਰਡਾਂ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ ਵਿੱਚ ਸ. ਬੈਂਸ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਚੋਣ ਨਾਲ ਸੂਬੇ ਦਾ ਮਾਣ ਵਧਿਆ ਹੈ।
ਇਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਵਿੱਚ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ ਜਿਸ ਵਿਚ ਪੰਜਾਬ ਦੇ 2 ਅਧਿਆਪਕਾਂ ਦੀ ਚੋਣ ਹੋਈ ਹੈ। ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਜ਼ਿਲਾ ਮਾਨਸਾ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਜ਼ਿਲਾ ਬਰਨਾਲਾ ਦੇ ਹੈਡ ਟੀਚਰ ਹਰਪ੍ਰੀਤ ਸਿੰਘ ਦਾ ਨਾਮ ਸ਼ਾਮਲ ਹੈ।