ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਣਗੇ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੋਣਗੇ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ
– ਪੰਜਾਬ ਦੇ ਸਾਰੇ ਸਕੂਲਾਂ ਨੂੰ ਮਿਲੇਗੀ ਸਾਫ਼-ਸਫ਼ਾਈ ਲਈ 50,000/- ਪ੍ਰਤੀ ਮਹੀਨਾ ਗ੍ਰਾਂਟ
ਸਿੱਖਿਆ ਫੋਕਸ, ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ। ਇਹ ਐਲਾਨ ਸਿੱਖਿਆ ਮੰਤਰੀ ਹਰੋਜਤ ਬੈਂਸ ਨੇ ਕੀਤਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਬਾਹਰ ਤੁਸੀਂ ਜਲਦੀ ਹੀ ਗਾਰਡ (ਚੌਂਕੀਦਾਰ) ਖੜ੍ਹੇ ਦੇਖੋਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਹੋਣਗੇ ਤੇ ਸਾਫ਼-ਸਫ਼ਾਈ ਲਈ ਸਕੂਲਾਂ ਨੂੰ 50,000/- ਪ੍ਰਤੀ ਮਹੀਨਾ ਗ੍ਰਾਂਟ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਕੂਲਾਂ ‘ਚ ਕੁੱਝ ਸੁਧਾਰ ਜ਼ਰੂਰੂ ਹੋਵੇਗਾ।
ਹਰਜੋਤ ਬੈਂਸ ਦੇ ਇਸ ਐਲਾਨ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਨੇ ਜੋ ਸੁਪਨਾ ਦੇਖ ਕੇ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ , ਉਹ 6 ਮਹੀਨਿਆਂ ਵਿੱਚ ਹੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਇੰਡੀਆ ਨੰਬਰ ਵਨ ਬਣੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਹੁਤ ਬਹੁਤ ਮੁਬਾਰਕਾਂ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਸਵੀਪਰ-ਕਮ-ਚਪੜਾਸੀ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਹ ਯਕੀਨੀ ਬਣਾਉਣ ਲਈ ਕਿ ਅਧਿਆਪਕਾਂ ਨੂੰ ਸਵੀਪਰ ਦਾ ਕੰਮ ਨਾ ਕਰਨਾ ਪਵੇ, ਸਕੂਲ ਪ੍ਰਬੰਧਨ ਕਮੇਟੀਆਂ (ਐਸਐਮਸੀ) ਨੂੰ ਮਹੀਨਾਵਾਰ ਫੰਡ ਦੇਣ ਦਾ ਫੈਸਲਾ ਕੀਤਾ ਗਿਆ ਹੈ ਜੋ ਨੌਕਰੀ ਲਈ ਇੱਕ ਵਿਅਕਤੀ ਨੂੰ ਹੋਰ ਨਿਯੁਕਤ ਕਰ ਸਕਦੇ ਹਨ।