ਈਟੀਟੀ ਅਧਿਆਪਕ 11 ਅਕਤੂਬਰ ਨੂੰ ਡੀਪੀਆਈ ਪ੍ਰਾਇਮਰੀ ਦਾ ਕਰਨਗੇ ਘਿਰਾਓ
ਈਟੀਟੀ ਅਧਿਆਪਕ 11 ਅਕਤੂਬਰ ਨੂੰ ਡੀਪੀਆਈ ਪ੍ਰਾਇਮਰੀ ਦਾ ਕਰਨਗੇ ਘਿਰਾਓ
– ਵਾਰ-ਵਾਰ ਮੀਟਿੰਗਾਂ ਦੌਰਾਨ ਲਾਰੇ ਲਗਾਉਣ ਤੇ ਭੜਕਿਆਂ ਪੰਜਾਬ ਦਾ ਈਟੀਟੀ ਕੇਡਰ
– ਸਿੱਖਿਆ ਮੰਤਰੀ ਤੇ ਵਿਭਾਗ ਦੇ ਸਕੱਤਰ ਵੀ ਨਹੀਂ ਦੇ ਰਹੇ ਧਿਆਨ
ਸਿੱਖਿਆ ਫੋਕਸ, ਚੰਡੀਗੜ੍ਹ। ਪੰਜਾਬ ਦੇ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਨਿੱਤ ਦਿਨ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾਂਦੇ ਝੂਠੇ ਲਾਰਿਆਂ, ਵਾਅਦਿਆਂ ਤੋਂ ਹੁਣ ਪੰਜਾਬ ਦੇ ਈਟੀਟੀ ਅਧਿਆਪਕ ਭੜਕ ਗਏ ਹਨ, ਜਿਸ ਤਹਿਤ ਪੰਜਾਬ ਰਾਜ ਦੀ ਇੱਕ ਵੱਡੀ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 11 ਅਕਤੂਬਰ ਨੂੰ ਮੁੱਖ ਦਫ਼ਤਰ ਮੁਹਾਲੀ ਵਿਖੇ ਡੀਪੀਆਈ ਪ੍ਰਾਇਮਰੀ ਹਰਿੰਦਰ ਕੌਰ ਦੇ ਜਬਰਦਸਤ ਘਿਰਾਓ ਦਾ ਐਲਾਨ ਕਰ ਦਿੱਤਾ ਗਿਆ ਹੈ।
ਜੰਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਅਸੀਂ 16 ਮਈ, 8 ਜੂਨ ਅਤੇ 29 ਅਗਸਤ ਨੂੰ ਡੀਪੀਆਈ ਪ੍ਰਾਇਮਰੀ ਪੰਜਾਬ ਨਾਲ ਮੀਟਿੰਗਾਂ ਕਰ ਚੁੱਕੇ ਹਾਂ। ਹਰ ਮੀਟਿੰਗ ਦੌਰਾਨ ਡੀਪੀਆਈ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਤੇ ਸਹਿਮਤੀ ਦਿੰਦੇ ਹੋਏ ਆਪਣੇ ਵੱਲੋਂ ਜ਼ਿਲ੍ਹਿਆਂ ਨੂੰ ਪੱਤਰ ਜਾਰੀ ਕਰਨ ਦਾ ਭਰੋਸਾ ਦੇ ਦਿੰਦੀ ਹੈ, ਪ੍ਰੰਤੂ ਉਹ ਬਾਅਦ ਵਿੱਚ ਅਣਗੌਲਿਆਂ ਕਰ ਦਿੰਦੀ ਹੈ, ਜਿਸ ਤੋਂ ਪੂਰਾ ਪੰਜਾਬ ਔਖਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਖੀਰਲੀ ਮੀਟਿੰਗ ਵਿੱਚ ਵੀ ਡੀਪੀਆਈ ਪ੍ਰਾਇਮਰੀ ਵੱਲੋਂ ਅਧਿਆਪਕਾਂ ਦੀ ਅਨਾਮਲੀ ਦੂਰ ਕਰਨ ਸਬੰਧੀ ਸੋਮਵਾਰ ਤੱਕ ਹਰ ਹਾਲਤ ਵਿੱਚ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਸ ਤੋਂ ਬਾਅਦ ਪੰਜ ਸੋਮਵਾਰ ਲੰਘ ਗਏ ਹਨ, ਜਿਸ ਕਾਰਨ ਕੇਡਰ ਵਿੱਚ ਭਾਰੀ ਰੋਸ ਹੈ।
ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਅਸੀਂ 21 ਅਪ੍ਰੈਲ ਨੂੰ ਇਹੀ ਸਰਕਾਰ ਦੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ 26 ਅਗਸਤ ਨੂੰ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਾਂ ਅਤੇ ਸਿੱਖਿਆ ਸਕੱਤਰ ਨੂੰ ਵੀ ਆਪਣਾ ਮੰਗ ਪੱਤਰ ਭੇਜ ਚੁੱਕੇ ਹਾਂ, ਪ੍ਰੰਤੂ ਸਰਕਾਰ ਹੁਣ ਸਾਡਾ ਜ਼ੋਰ ਪਰਖਣਾ ਚਾਹੁੰਦੀ ਹੈ।
ਜੰਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨਾਂ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਕਾਂਰ ਸਿੰਘ ਗੁਰਦਾਸਪੁਰ ਤੇ ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀ ਅਨਾਮਲੀ ਤੋਂ ਬਿਨਾਂ ਪਿਛਲੇ ਚਾਰ ਸਾਲਾਂ ਤੋਂ ਰੁਕੀਆਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ, ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਪੰਚਾਇਤੀ ਰਾਜ ਦੌਰਾਨ ਕੀਤੀ ਸਰਵਿਸ ਨੂੰ ਬਦਲੀਆਂ ‘ਚ ਵਿਚਾਰਨ ਲਈ, ਸਿੱਧੀ ਭਰਤੀ ਰਾਹੀਂ ਆਏ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦੀ ਸਲਾਨਾ ਤਰੱਕੀ ਲਈ ਵਿਭਾਗੀ ਟੈਸਟ ਦੀ ਸ਼ਰਤ ਰੱਦ ਕਰਵਾਉਣ, ਅਧਿਆਪਕਾਂ ਦੀ ਆਪਸੀ ਸੀਨੀਆਰਤਾ ਦਰੁੱਸਤ ਕਰਨ, ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਬੈਂਕਲਾਗ ਦੇ ਸਿਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਅਤੇ ਬਦਲੀਆਂ ਦਾ ਹੋਰ ਪ੍ਰੋਸੈਸ ਪੂਰਾ ਕਰਨ ਲਈ ਵੀ ਜੰਥੇਬੰਦੀ ਮੰਗ ਕਰ ਰਹੀ ਹੈ। ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਾਡਾ ਕੇਡਰ ਪੂਰੀ ਤਰ੍ਹਾਂ ਲਾਮਬੰਦ ਹੈ, ਜੇਕਰ ਜਰੂਰਤ ਪਈ ਤਾਂ ਅਸੀਂ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਆਪਣਾ ਪਿਛਲਾ ਇਤਿਹਾਸ ਦੁਹਰਾਉਣ ਤੋਂ ਗੁਰੇਜ਼ ਨਹੀਂ ਕਰਾਂਗੇ। ਇਸ ਸਬੰਧੀ ਵੱਡੀ ਪੱਧਰ ਤੇ ਘਿਰਾਓ ਕਰਨ ਲਈ ਪੂਰੇ ਪੰਜਾਬ ਅੰਦਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।