Latest news

189 ਪਦਉੱਨਤ ਸਕੂਲ ਪ੍ਰਿੰਸੀਪਲਾਂ ਨੂੰ ਢਾਈ ਮਹੀਨੇ ਬਾਅਦ ਵੀ ਸਟੇਸ਼ਨ ਚੋਣ ਕਰਵਾਉਣਾ ਭੁੱਲਿਆ ਸਿੱਖਿਆ ਵਿਭਾਗ

189 ਪਦਉੱਨਤ ਸਕੂਲ ਪ੍ਰਿੰਸੀਪਲਾਂ ਨੂੰ ਢਾਈ ਮਹੀਨੇ ਬਾਅਦ ਵੀ ਸਟੇਸ਼ਨ ਚੋਣ ਕਰਵਾਉਣਾ ਭੁੱਲਿਆ ਸਿੱਖਿਆ ਵਿਭਾਗ

 

 

– ਬਿਨਾਂ ਪ੍ਰਿੰਸੀਪਲਾਂ ਤੋਂ ਚੱਲਦੇ ਸਕੂਲਾਂ ਦੀ ਉਡੀਕ ਕੀਤੀ ਜਾਵੇ ਪੂਰੀ : ਡੀ.ਟੀ.ਐੱਫ.

 

 

ਸਿੱਖਿਆ ਫੋਕਸ, ਚੰਡੀਗੜ੍ਹ। ਸਿੱਖਿਆ ਨੂੰ ਪ੍ਰਮੁੱਖਤਾ ਦੱਸਣ ਦਾ ਦਮ ਭਰਨ ਵਾਲੀ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀ ਢਿੱਲੀ ਕਾਰਜ਼ੁਗਾਰੀ ਨੂੰ ਉਜ਼ਗਾਰ ਕਰਦੇ ਇੱਕ ਮਾਮਲੇ ਤਹਿਤ, ਢਾਈ ਮਹੀਨੇ ਪਹਿਲਾਂ ਲੈਕਚਰਾਰ ਅਤੇ ਮੁੱਖ ਅਧਿਆਪਕਾਂ ਵਿਚੋਂ ਪਦਉੱਨਤ ਕੀਤੇ 189 ਪ੍ਰਿੰਸੀਪਲਾਂ ਨੂੰ ਸਰਕਾਰੀ ਸਕੂਲਾਂ ਵਿੱਚ ਮੁੱਖੀਆਂ ਦੀ ਭਾਰੀ ਘਾਟ ਹੋਣ ਦੇ ਬਾਵਜੂਦ, ਇਹਨਾਂ ਅਧਿਆਪਕਾਂ ਨੂੰ ਸਮੇਂ ਸਿਰ ਸਟੇਸ਼ਨ ਅਲਾਟ ਕਰਨ ‘ਚ ਸਿੱਖਿਆ ਵਿਭਾਗ ਨਾਕਾਮ ਸਾਬਤ ਹੋਇਆ ਹੈ ।

ਇਸ ਸਬੰਧੀ ਗੱਲਬਾਤ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੀਨੀਅਰ ਆਗੂ ਡਾ. ਹਰਦੀਪ ਟੋਡਰਪੁਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 29 ਨਵੰਬਰ 2022 ਨੂੰ ਬਤੌਰ 189 ਅਧਿਆਪਕਾਂ ਨੂੰ ਬਤੌਰ ਪ੍ਰਿੰਸੀਪਲ ਹਾਜ਼ਰ ਕਰਵਾਇਆ ਗਿਆ ਸੀ, ਜਿਹਨਾਂ ਵਿੱਚ 135 ਲੈਕਚਰਾਰ, 35 ਮੁੱਖ ਅਧਿਆਪਕ ਅਤੇ 19 ਵੋਕੇਸ਼ਨਲ ਮਾਸਟਰ/ ਲੈਕਚਰਾਰ ਸ਼ਾਮਿਲ ਹਨ। ਪ੍ਰੰਤੂ ਸਿੱਖਿਆ ਵਿਭਾਗ ਦੀ ਅਲਗਰਜ਼ੀ ਕਾਰਨ ਇਹ ਅਧਿਆਪਕ ਢਾਈ ਮਹੀਨਿਆਂ ਤੋਂ ਸਟੇਸ਼ਨ ਅਲਾਟਮੈਂਟ ਦੀ ਉਡੀਕ ਕਰਦੇ ਹੋਏ ਆਪਣੇ ਮੌਜੂਦਾ ਸਕੂਲਾਂ ਵਿੱਚ ਹੀ ਪੁਰਾਣੇ ਅਹੁਦੇ ‘ਤੇ ਕੰਮ ਕਰ ਰਹੇ ਹਨ।

ਇਹਨਾਂ ਵਿਚੋਂ 5 ਅਧਿਆਪਕ ਦਸੰਬਰ 2022 ਵਿੱਚ ਸੇਵਾ ਮੁਕਤ ਵੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਬਿਨਾਂ ਮੁਖੀਆਂ ਤੋਂ ਹੀ ਚੱਲ ਰਹੇ ਹਨ ਅਤੇ ਦੂਜੇ ਪਾਸੇ ਸਲਾਨਾ ਪ੍ਰੀਖਿਆਵਾਂ ਦੇ ਦਿਨ ਸਿਰ ‘ਤੇ ਹਨ। ਪ੍ਰੰਤੂ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਦੀ ਕੁੰਭਕਰਨੀ ਨੀਂਦ ਟੁੱਟਣ ਦਾ ਨਾਂ ਨਹੀਂ ਲੈ ਰਹੀ ਹੈ ।

ਡੀ.ਟੀ.ਐੱਫ. ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਪਾਲ ਘੱਗਾ, ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਅਤੇ ਵਿੱਤ ਸਕੱਤਰ ਭੁਪਿੰਦਰ ਮਰਦਾਂਹੇੜੀ ਨੇ ਟਿਪਣੀ ਕਰਦਿਆਂ ਕਿਹਾ ਕੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਤੋਂ ਲਏ ਜਾਣ ਵਾਲੇ ਅੰਕੜਿਆਂ ਅਤੇ ਡਾਕਾਂ ਨੂੰ ਹਮੇਸ਼ਾ ਸਮਾਂ ਬੱਧ ਭੇਜਣ ਦੀ ਹਦਾਇਤ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਇਹ ਵੀ ਲਿਖਿਆ ਜਾਂਦਾ ਹੈ ਕਿ ਸਕੂਲ ਛੱਡਣ ਤੋਂ ਪਹਿਲਾਂ ਡਾਕ ਹਰ ਹਾਲਤ ਵਿੱਚ ਭੇਜੀ ਜਾਵੇ, ਪਰ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਕੰਮਾਂ ਨਾਲ ਸਬੰਧਤ ਫਾਇਲਾਂ ‘ਤੇ ਮਿੱਟੀ ਜੰਮੀ ਰਹਿੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਨਵੰਬਰ 2022 ਵਿੱਚ ਤਰੱਕੀ ਲੈ ਕੇ ਬਣੇ ਪ੍ਰਿੰਸੀਪਲਾਂ ਨੂੰ ਤੁਰੰਤ ਸਟੇਸ਼ਨ ਅਲਾਟ ਕੀਤੇ ਜਾਣ ਤਾਂ ਜੋ ਵੱਡੀ ਗਿਣਤੀ ਵਿੱਚ ਬਿਨਾਂ ਮੁਖੀਆਂ ਤੋਂ ਚੱਲ ਰਹੇ ਸਕੂਲਾਂ ਨੂੰ ਪ੍ਰਿੰਸੀਪਲ ਮਿਲ ਸਕਣ ਅਤੇ ਪਦਉੱਨਤ ਪ੍ਰਿੰਸੀਪਲਾਂ ਦੀ ਉਡੀਕ ਵੀ ਪੂਰੀ ਹੋ ਸਕੇ।

Leave a Reply

Your email address will not be published.