Latest news

ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਅਤੇ ਹੱਕੀ ਮੰਗਾਂ ਮਨਵਾਉਣ ਲਈ ਡੀ.ਟੀ.ਐੱਫ. ਦੇਵੇਗਾ ਵਿਧਾਇਕਾਂ ਨੂੰ ਮੰਗ ਪੱਤਰ

ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਅਤੇ ਹੱਕੀ ਮੰਗਾਂ ਮਨਵਾਉਣ ਲਈ ਡੀ.ਟੀ.ਐੱਫ. ਦੇਵੇਗਾ ਵਿਧਾਇਕਾਂ ਨੂੰ ਮੰਗ ਪੱਤਰ

 

 

– ਆਪ ਸਰਕਾਰ ਸਿੱਖਿਆ ਖੇਤਰ ’ਚ ਸੁਧਾਰ ਲਿਆਉਣ ’ਚ ਨਾਕਾਮ : ਮਟਵਾਣੀ

 

 

 

ਸਿੱਖਿਆ ਫੋਕਸ, ਮੋਗਾ। ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਸਿੱਖਿਆ ਖੇਤਰ ਦੀਆਂ ਮੁਸ਼ਕਿਲਾਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਵਿਚ ਪੂਰੀ ਤਰਾਂ ਨਾਕਾਮ ਰਹੀ ਹੈ। ਛੇ ਮਹੀਨੇ ਦਾ ਕਾਰਜ-ਕਾਲ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਦੀਆਂ ਬਦਲੀਆਂ ਕਰਨ ਵਰਗੇ ਛੋਟੇ ਕੰਮ ਵੀ ਨਹੀਂ ਕਰ ਸਕੀ। ਇਸ ਬਾਰੇ ਨੇਚਰ ਪਾਰਕ ਮੋਗਾ ਵਿਖੇ ਹੋਈ ਜ਼ਿਲਾ ਕਮੇਟੀ ਮੀਟਿੰਗ ਦੌਰਾਨ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਅਮਨਦੀਪ ਮਟਵਾਣੀ ਨੇ ਕਿਹਾ ਕਿ ਬਦਲੀਆਂ ਦੀ ਨੀਤੀ ਦੀ ਅਣਹੋਂਦ ਕਾਰਨ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਬਦਲੀਆਂ ਲਈ ਭਟਕ ਰਹੇ ਹਨ, ਰਾਹਾਂ ਚ ਖੱਜਲ ਹੁੰਦੇ ਅਧਿਆਪਕਾਂ ਦੀ ਪਰਿਵਾਰਿਕ ਜਿੰਦਗੀ ਤੇ ਆਰਥਿਕਤਾ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ ਪਰ ਵੱਡੇ ਸੁਧਾਰ ਕਰਨ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਬਦਲੀਆਂ ਕਰਨ ਚ ਨਾਕਾਮ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲੲੀ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਇਕਾਂ ਨੂੰ 25 ਸਤੰਬਰ ਤੱਕ ਮੰਗ ਪੱਤਰ ਸੌਂਪੇ ਜਾਣਗੇ। ਮੀਟਿੰਗ ਦੌਰਾਨ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪੇਂਡੂ ਸਕੂਲਾਂ ਨੂੰ ਖਤਮ ਕਰਨ ਲਈ ਨਵੀਂ ਸਕੀਮ ‘ਸਕੂਲ ਆਫ਼ ਐਮੀਨੈਂਸ’ ਲਿਆਂਦੀ ਜਾ ਰਹੀ ਹੈ, ਇਸ ਸਕੀਮ ਨਾਲ ਪੇਂਡੂ ਖੇਤਰ ਦੇ ਜ਼ਿਆਦਾ ਸਕੂਲਾਂ ਨੂੰ ਬੰਦ ਕਰਕੇ ਇੱਕ ਵੱਡਾ ਸਕੂਲ ਬਣਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ।

ਵਿਭਾਗ ਵੱਲੋਂ ਸਾਰੇ ਕਾਡਰਾਂ ਦੀਆਂ ਵਿਭਾਗੀ ਤਰੱਕੀਆਂ ਠੰਢੇ ਬਸਤੇ ਵਿੱਚ ਪਾ ਦਿੱਤੀਆਂ ਗਈਆਂ ਹਨ। ਇਸ ਤੋਂ ਬਿਨਾਂ ਸਰਕਾਰ ਸਰਵਿਸ-ਰੂਲਜ਼ ਵਿਚ ਤਬਦੀਲੀਆਂ ਕਰਕੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਬੇਰੁਖ਼ੀ ਧਾਰਨ ਕਰਕੇ ਬੈਠੀ ਹੋਈ ਹੈ, ਪੇਂਡੂ ਭੱਤੇ ਸਮੇਤ 37 ਕਿਸਮ ਦੇ ਵਿੱਤੀ ਭੱਤੇ ਬੰਦ ਕਰ ਦਿੱਤੇ ਗਏ ਹਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਮੁਤਾਬਕ 2016 ਤੋਂ 2021 ਤੱਕ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ।

ਬਦਲੀਆਂ ਤੇ ਤਰੱਕੀਆਂ ਜਲਦ ਕਰਨ, ਸਕੂਲ ਆਫ ਐਮੀਨੈਂਸ ਨੀਤੀ ਰੱਦ ਕਰਨ, ਸਰਵਿਸ ਰੂਲਜ਼ ਵਿੱਚ ਕੀਤੀਆਂ ਮਾਰੂ ਸੋਧਾਂ ਰੱਦ ਕਰਨ ਅਤੇ ਵਿੱਤੀ ਭੱਤਿਆਂ ਸਮੇਤ ਪੇਅ ਕਮਿਸ਼ਨ ਰਿਪੋਰਟ ਅਨੁਸਾਰ 2016 ਤੋਂ 2021 ਤੱਕ ਦਾ ਬਣਦਾ ਤਨਖਾਹ ਬਕਾਇਆ ਯਕਮੁਸ਼ਤ ਇੱਕ ਕਿਸ਼ਤ ਵਿਚ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ 16 ਅਕਤੂਬਰ ਨੂੰ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਜ਼ਿਲ੍ਹਾ ਕਮੇਟੀ ਮੈਂਬਰਾਨ ਮਧੂ ਬਾਲਾ, ਅਮਨਦੀਪ ਮਾਛੀਕੇ, ਦੀਪਕ ਮਿੱਤਲ ਸਮੇਤ ਹਰਪ੍ਰੀਤ ਰਾਮਾਂ ਤੇ ਨਵਦੀਪ ਸਿੰਘ ਹਾਜਰ ਸਨ।

Leave a Reply

Your email address will not be published.

%d bloggers like this: