Latest news

ਡੀ.ਟੀ.ਐੱਫ. ਵੱਲੋਂ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਸ਼ਰਧਾਂਜਲੀ ਸਮਾਗਮ ਦਾ ਬੱਝਵਾਂ ਹਿੱਸਾ ਬਣਨ ਦਾ ਫ਼ੈਸਲਾ

ਡੀ.ਟੀ.ਐੱਫ. ਵੱਲੋਂ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਸ਼ਰਧਾਂਜਲੀ ਸਮਾਗਮ ਦਾ ਬੱਝਵਾਂ ਹਿੱਸਾ ਬਣਨ ਦਾ ਫ਼ੈਸਲਾ

– 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿਚ ਪਹੁੰਚਣਗੇ ਸੰਘਰਸ਼ੀ ਅਧਿਆਪਕਾਂ ਦੇ ਕਾਫ਼ਲੇ – ਡੀ.ਟੀ.ਐੱਫ.

ਸਿੱਖਿਆ ਫੋਕਸ, ਪਟਿਆਲਾ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ 12 ਅਗਸਤ ਨੂੰ ਮਹਿਲ ਕਲਾਂ (ਜਿਲ੍ਹਾ ਬਰਨਾਲਾ) ਦੀ ਦਾਣਾ ਮੰਡੀ ਵਿਖੇ ਬਹੁਚਰਚਿਤ ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਸ਼ਰਧਾਂਜਲੀ ਸਮਾਗਮ ਦੀ 25ਵੀਂ ਵਰ੍ਹੇਗੰਢ ਮੌਕੇ ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਜਿਲ੍ਹਿਆਂ ਤੋਂ ਅਧਿਆਪਕਾਂ ਨੂੰ ਭਰਵਾਂ ਹਿੱਸਾ ਬਣਾਉਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾਈ ਮੀਤ ਪ੍ਰਧਾਨਾਂ ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਘਬੀਰ ਭਵਾਨੀਗਡ਼੍ਹ ਅਤੇ ਜਸਵਿੰਦਰ ਔਜਲਾ ਨੇ ਆਖਿਆ ਕਿ ਮਹਿਲ ਕਲਾਂ ਦੀ ਧਰਤੀ ‘ਤੇ 29 ਜੁਲਾਈ 1997 ਨੂੰ ਵਾਪਰੇ ਘਿਨਾਉਣੇ ਕਿਰਨਜੀਤ ਕੌਰ ਕਾਂਡ ਖਿਲਾਫ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ਵਿੱਚ ਚੱਲੇ ਇਤਿਹਾਸਕ ਲੋਕ ਘੋਲ ਸਦਕਾ ਜਿੱਥੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਮਿਲੀਆਂ, ਉੱਥੇ ਐਕਸ਼ਨ ਕਮੇਟੀ ਦੀ ਅਗਵਾਈ ਕਰਨ ਵਾਲੇ ਤਿੰਨ ਆਗੂਆਂ ਨੂੰ ਝੂਠੇ ਪੁਲਿਸ ਕੇਸ ਵਿੱਚ ਹੋਈ ਉਮਰ ਕੈਦ ਦੀ ਸਜ਼ਾ ਵੀ ਰੱਦ ਕਰਵਾਈ ਗਈ ਸੀ।

ਡੀ.ਟੀ.ਐੱਫ. ਆਗੂਆਂ ਹਰਜਿੰਦਰ ਗੁਰਦਾਸਪੁਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ ਅਤੇ ਪਵਨ ਕੁਮਾਰ ਆਦਿ ਨੇ ਕਿਹਾ ਕਿ ਪੁਲਿਸ-ਸਿਆਸੀ-ਗੁੰਡਾ ਗੱਠਜੋੜ ਖ਼ਿਲਾਫ਼ ਲੋਕਾਂ ਦੀ ਵਿਸ਼ਾਲ ਏਕਤਾ ਨਾਲ ਲੜੇ ਮਹਿਲਕਲਾਂ ਐਕਸ਼ਨ ਕਮੇਟੀ ਦੇ ਲੋਕ ਘੋਲ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਤਿੰਨ ਖੇਤੀ ਕਾਨੂੰਨਾਂ ਰੱਦ ਕਰਵਾਉਣ ਵਾਲੇ ਇਤਿਹਾਸਿਕ ਘੋਲ, ਭਵਿੱਖ ਦੀਆਂ ਲੋਕ ਲਹਿਰਾਂ ਲਈ ਵੀ ਚਾਨਣ ਮੁਨਾਰਾ ਹਨ।

ਸੂਬਾਈ ਆਗੂਆਂ ਨਛੱਤਰ ਸਿੰਘ ਤਰਨਤਾਰਨ, ਸੁਖਦੇਵ ਡਾਨਸੀਵਾਲ ਅਤੇ ਰੁਪਿੰਦਰਪਾਲ ਗਿੱਲ ਨੇ ਦੱਸਿਆ ਕਿ ਬੀਜੇਪੀ-ਆਰ.ਐੱਸ.ਐੱਸ. ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਘੱਟਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਮਨੁੱਖੀ ਅਧਿਕਾਰਾਂ ਤੇ ਸਮਾਜ ਸੇਵੀ ਕਾਰਕੁਨਾਂ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਲਗਾਤਾਰ ਫਿਰਕੂ ਫਾਸ਼ੀ ਹਮਲਾ ਤੇਜ਼ ਕੀਤਾ ਜਾ ਰਿਹਾ ਹੈ।

ਮੌਜੂਦਾ ਹਾਕਮਾਂ ਵਲੋਂ ਪਹਿਲੀਆਂ ਕਾਰਪੋਰੇਟ ਪੱਖੀ ਸਰਕਾਰਾਂ ਤੋਂ ਵੀ ਤੇਜ਼ੀ ਨਾਲ ਦੇਸ਼ ਦੇ ਜਲ-ਜੰਗਲ-ਜ਼ਮੀਨ ਦੀ ਬੇਕਿਰਕ ਲੁੱਟ ਕਰਵਾਈ ਹੈ ਅਤੇ ਦੇਸ਼ ਸਮੁੱਚੇ ਕਿਰਤੀ ਲੋਕਾਂ ਨੂੰ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਚੱਕੀ ਵਿਚ ਲਗਾਤਾਰ ਪੀਸਿਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਸਾਂਝੇ ਤੇ ਵਿਸ਼ਾਲ ਘੋਲ ਲਾਮਬੰਦ ਕਰਨ ਦੀ ਲੋੜ ਹੈ।

Leave a Reply

Your email address will not be published.

%d bloggers like this: