Latest news

ਡੀਟੀਐਫ ਨੇ ਬੋਰਡ ਚੇਅਰਮੈਨ ਨਾਲ ਮੁਲਾਕਾਤ ਕਰ ਵਿਦਿਆਰਥੀਆਂ ਤਕ ਪੁਸਤਕਾਂ ਨਾ ਪੁੱਜਣ ਦਾ ਉਠਾਇਆ ਮੁੱਦਾ

ਡੀਟੀਐਫ ਨੇ ਬੋਰਡ ਚੇਅਰਮੈਨ ਨਾਲ ਮੁਲਾਕਾਤ ਕਰ ਵਿਦਿਆਰਥੀਆਂ ਤਕ ਪੁਸਤਕਾਂ ਨਾ ਪੁੱਜਣ ਦਾ ਉਠਾਇਆ ਮੁੱਦਾ

 

– ਬੋਰਡ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਵਲੋਂ ਰਹਿੰਦੀਆਂ ਪੁਸਤਕਾਂ ਜਲਦ ਪਹੁੰਚਾਉਣ ਦਾ ਭਰੋਸਾ

ਸਿੱਖਿਆ ਫੋਕਸ, ਐੱਸ ਏ ਐੱਸ ਨਗਰ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦਾ ਵਫਦ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਨੂੰ ਮਿਲਿਆ। ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਡੀ.ਟੀ.ਐੱਫ. ਦੇ ਵਫ਼ਦ ਵੱਲੋਂ ਚਾਲੂ ਸੈਸ਼ਨ ਦੇ ਸਾਢੇ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵਿਦਿਆਰਥੀਆਂ ਕੋਲ ਸਾਰੀਆਂ ਪੁਸਤਕਾਂ ਨਾ ਪਹੁੰਚਣ ਸੰਬੰਧੀ ਇਤਰਾਜ ਦਰਜ ਕਰਵਾਇਆ ਗਿਆ ਹੈ। ਜਿਸ ‘ਤੇ ਬੋਰਡ ਚੇਅਰਮੈਨ ਵੱਲੋਂ ਕਾਗਜ਼ ਖਰੀਦਣ ਵਿੱਚ ਹੋਈ ਦੇਰੀ ਨੂੰ ਕਾਰਨ ਦੱਸਦੇ ਹੋਏ ਜਲਦੀ ਰਹਿੰਦੀਆਂ ਪੁਸਤਕਾਂ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਜਥੇਬੰਦੀ ਦੀ ਮੰਗ ਅਨੁਸਾਰ ਭਵਿੱਖ ਵਿੱਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਪੁਸਤਕਾਂ ਸਕੂਲਾਂ ਤੱਕ ਪੁੱਜਦੀਆਂ ਕਰਨ ਦਾ ਵੀ ਭਰੋਸਾ ਦਿੱਤਾ।

ਡੀ.ਟੀ.ਐਫ ਆਗੂਆਂ ਨੇ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਪਹਿਲੀ ਜਮਾਤ ਦੀ ਅੰਗਰੇਜ਼ੀ ਦੀ ਪੁਸਤਕ, ਤੀਜੀ ਅਤੇ ਚੌਥੀ ਜਮਾਤ ਦੀ ਮਾਤ ਭਾਸ਼ਾ ਪੰਜਾਬੀ ਦੀ ਪੁਸਤਕ, ਨੌਵੀਂ ਜਮਾਤ ਦੀ ਹਿੰਦੀ ਅਤੇ ਅੰਗਰੇਜ਼ੀ ਵਿਆਕਰਨ, ਗਣਿਤ, ਪੰਜਾਬੀ ਵੰਨਗੀ, ਦਸਵੀਂ ਜਮਾਤ ਦੀ ਅੰਗਰੇਜ਼ੀ ਅਤੇ ਵਿਗਿਆਨ, ਬਾਰ੍ਹਵੀਂ ਜਮਾਤ ਦੀ ਪੰਜਾਬੀ, ਕੰਪਿਊਟਰ ਸਿੱਖਿਆ ਅਤੇ ਵਾਤਾਵਰਨ ਸਿੱਖਿਆ ਆਦਿ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚੀਆਂ ਹਨ। ਇਸ ਤੋਂ ਇਲਾਵਾ ਕਈ ਪੁਸਤਕਾਂ ਲੋੜੀਂਦੀ ਗਿਣਤੀ ਅਨੁਸਾਰ ਸਕੂਲਾਂ ਤੱਕ ਨਹੀਂ ਪਹੁੰਚ ਸਕੀਆਂ ਹਨ। ਗਣਿਤ, ਵਿਗਿਆਨ, ਮਾਤ ਭਾਸ਼ਾ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਦੀ ਪੁਸਤਕਾਂ ਤੋਂ ਬਿਨਾਂ ਵਿਦਿਆਰਥੀਆਂ ਲਈ ਇੰਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਰਨਾ ਚੁਣੌਤੀ ਬਣਿਆ ਹੋਇਆ ਹੈ ਅਤੇ ਅਧਿਆਪਕਾਂ ਨੂੰ ਵੀ ਇੰਨ੍ਹਾਂ ਵਿਸ਼ਿਆਂ ਦਾ ਘਰ ਦਾ ਕੰਮ ਦੇਣ ਵਿੱਚ ਸਮੱਸਿਆ ਆ ਰਹੀ ਹੈ।

ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਸੁਖਦੇਵ ਡਾਨਸੀਵਾਲ, ਹੰਸ ਰਾਜ ਗੜ੍ਹਸ਼ੰਕਰ, ਗਿਆਨ ਚੰਦ ਰੋਪੜ, ਹਰਿੰਦਰਜੀਤ ਸਿੰਘ, ਡੀ.ਐਮ.ਐਫ. ਆਗੂ ਸੁਖਵਿੰਦਰ ਸਿੰਘ ਲੀਲ੍ਹ, ਰਾਜਵਿੰਦਰ ਧਨੋਆ, ਡਾ. ਮਨਿੰਦਰਪਾਲ, ਸੁਖਦੇਵ ਰਾਜਪੁਰਾ, ਹਰਿੰਦਰ ਪਟਿਆਲਾ, ਨਵਲਦੀਪ ਸ਼ਰਮਾ, ਵਿਕਰਮ ਅਲੂਣਾ, ਰਣਧੀਰ ਖੇੜੀਮਾਨੀਆਂ ਅਤੇ ਬੇਅੰਤ ਸਿੰਘ ਵੀ ਮੌਜੂਦ ਰਹੇ।

Leave a Reply

Your email address will not be published.

%d bloggers like this: