Latest news

ਮੰਗ-ਪੱਤਰ ਸੌਂਪ ਡੀਟੀਐਫ ਨੇ ਪੇਂਡੂ ਭੱਤੇ ਸਮੇਤ 37 ਕਿਸਮ ਦੇ ਬੰਦ ਵਿੱਤੀ ਭੱਤੇ ਕੀਤੀ ਬਹਾਲ ਕਰਨ ਦੀ ਡਿਮਾਂਡ

ਮੰਗ-ਪੱਤਰ ਸੌਂਪ ਡੀਟੀਐਫ ਨੇ ਪੇਂਡੂ ਭੱਤੇ ਸਮੇਤ 37 ਕਿਸਮ ਦੇ ਬੰਦ ਵਿੱਤੀ ਭੱਤੇ ਕੀਤੀ ਬਹਾਲ ਕਰਨ ਦੀ ਡਿਮਾਂਡ

 

 

 

 

– ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਅਤੇ ਹੱਕੀ ਮੰਗਾਂ ਮਨਵਾਉਣ ਲਈ ਡੀ.ਟੀ.ਐੱਫ. ਨੇ ਵਿਧਾਇਕ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

 

 

ਸਿੱਖਿਆ ਫੋਕਸ, ਧਰਮਕੋਟ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਵਿਧਾਇਕਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਦੀ ਲੜੀ ਤਹਿਤ, ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਦੇ ਹੱਲ ਲਈ ਅਤੇ ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਲਈ ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਧਰਮਕੋਟ-2 ਦੇ ਇੱਕ ਵਫਦ ਨੇ ਬਲਾਕ ਪ੍ਰਧਾਨ ਸਵਰਨ ਦਾਸ ਚੀਮਾ ਦੀ ਅਗਵਾਈ ਵਿੱਚ ਅੱਜ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਇੱਕ ਮੰਗ-ਪੱਤਰ ਸੌਂਪਿਆ ਗਿਆ।

ਡੀ.ਟੀ.ਐੱਫ. ਦੇ ਵਫਦ ਨੇ ਵਿਧਾਇਕ ਨੂੰ ਜਾਣੂੰ ਕਰਵਾਇਆ ਗਿਆ ਕਿ ਸਾਰੇ ਕਾਡਰਾਂ ਦੇ ਅਧਿਆਪਕਾਂ ਦੀਆਂ ਬਦਲੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਅਤੇ ਅਧਿਆਪਕ ਖੱਜਲ ਖੁਆਰ ਹੋ ਰਹੇ ਹਨ। ਸਰਕਾਰ ਵੱਲੋਂ ਪੇਂਡੂ ਸਕੂਲਾਂ ਨੂੰ ਖਤਮ ਕਰਨ ਲਈ ਨਵੀਂ ਸਕੀਮ ‘ਸਕੂਲ ਆਫ਼ ਐਮੀਨੈਂਸ’ ਲਿਆਂਦੀ ਜਾ ਰਹੀ ਹੈ, ਇਸ ਸਕੀਮ ਨਾਲ ਪੇਂਡੂ ਖੇਤਰ ਦੇ ਜ਼ਿਆਦਾ ਸਕੂਲਾਂ ਨੂੰ ਬੰਦ ਕਰਕੇ ਇੱਕ ਵੱਡਾ ਸਕੂਲ ਬਣਾਉਣ ਦੀ ਕੋਝੀ-ਚਾਲ ਚੱਲੀ ਜਾ ਰਹੀ ਹੈ।

ਵਿਭਾਗ ਵੱਲੋਂ ਸਾਰੇ ਕਾਡਰਾਂ ਦੀਆਂ ਵਿਭਾਗੀ ਤਰੱਕੀਆਂ ਠੰਢੇ ਬਸਤੇ ਵਿੱਚ ਪਾ ਦਿੱਤੀਆਂ ਗਈਆਂ ਹਨ। ਇਸ ਤੋਂ ਬਿਨਾਂ ਸਰਕਾਰ ਸਰਵਿਸ-ਰੂਲਜ਼ ਵਿਚ ਤਬਦੀਲੀਆਂ ਕਰਕੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਬੇਰੁਖ਼ੀ ਧਾਰਨ ਕਰਕੇ ਬੈਠੀ ਹੋਈ ਹੈ, ਪੇਂਡੂ ਭੱਤੇ ਸਮੇਤ 37 ਕਿਸਮ ਦੇ ਵਿੱਤੀ ਭੱਤੇ ਬੰਦ ਕਰ ਦਿੱਤੇ ਗਏ ਹਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਮੁਤਾਬਕ 2016 ਤੋਂ 2021 ਤੱਕ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ।

ਮੰਗ ਪੱਤਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਬਦਲੀਆਂ ਤੇ ਤਰੱਕੀਆਂ ਜਲਦ ਕਰਨ, ਸਕੂਲ ਆਫ ਐਮੀਨੈਂਸ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਸਰਵਿਸ ਰੂਲਜ਼ ਵਿੱਚ ਕੀਤੀਆਂ ਮਾਰੂ ਸੋਧਾਂ ਰੱਦ ਕਰਨ ਅਤੇ ਵਿੱਤੀ ਭੱਤਿਆਂ ਸਮੇਤ ਪੇਅ ਕਮਿਸ਼ਨ ਰਿਪੋਰਟ ਅਨੁਸਾਰ 2016 ਤੋਂ 2021 ਤੱਕ ਦਾ ਬਣਦਾ ਤਨਖਾਹ ਬਕਾਇਆ ਯਕਮੁਸ਼ਤ ਇੱਕ ਕਿਸ਼ਤ ਵਿਚ ਜਾਰੀ ਕਰਨ ਦੀ ਮੰਗ ਸਮੇਤ ਜਥੇਬੰਦੀ ਦੇ ਡਿਮਾਂਡ ਚਾਰਟਰ ਵਿੱਚ ਦਰਜ ਮੰਗਾਂ ਨੂੰ ਪੂਰਾ ਕਰਵਾਉਣ ਦੀ ਮੰਗ ਕੀਤੀ ਗਈ।

ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ 16 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸੁਖਪਾਲਜੀਤ ਮੋਗਾ, ਮਨਜੀਤ ਸਿੰਘ, ਬਲਵਿੰਦਰ ਸਿੰਘ, ਆਨੰਦ ਗੁਪਤਾ, ਸੁਰਿੰਦਰਪਾਲ ਸਿੰਘ ਫੂਲੇਵਾਲਾ, ਸਰਵਣ ਸਿੰਘ, ਮਨਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ, ਪੁਨੀਤ ਗਰਗ ਆਦਿ ਅਧਿਆਪਕ ਸਾਥੀ ਹਾਜਰ ਸਨ।

Leave a Reply

Your email address will not be published.