ਡੀਈਓ ਐਲੀਮੈਂਟਰੀ ਨੇ ਕੀਤੀ ਬੀਪੀਈਓ ਅਤੇ ਸੀਐਚਟੀ ਨਾਲ ਮੀਟਿੰਗ
ਡੀਈਓ ਐਲੀਮੈਂਟਰੀ ਨੇ ਕੀਤੀ ਬੀਪੀਈਓ ਅਤੇ ਸੀਐਚਟੀ ਨਾਲ ਮੀਟਿੰਗ
– ਮੀਟਿੰਗ ਦੌਰਾਨ ਨਵੇਂ ਦਾਖ਼ਲੇ, ਯੂਡਾਇਸ ਅਤੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਕੀਤੀ ਚਰਚਾ
ਸਿੱਖਿਆ ਫੋਕਸ, ਪਠਾਨਕੋਟ। ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਦੇਣ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਸੁਧਾਰਨ ਲਈ ਵੱਖ-ਵੱਖ ਚਲਾਈਆਂ ਜਾ ਰਹੀਆਂ ਮੁਹਿੰਮਾਂ ਰਾਹੀ ਭਰਪੂਰ ਯਤਨ ਕੀਤੇ ਜਾ ਰਹੇ ਹਨ।
ਇਹਨਾਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ (ਡੀਈਓ) ਪਠਾਨਕੋਟ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਡੀ. ਜੀ. ਸਿੰਘ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਬੀਪੀਈਓ ਅਤੇ ਸੀਐਚਟੀ ਨਾਲ ਕੇਐਫਸੀ ਸਕੂਲ ਵਿਖੇ ਮੀਟਿੰਗ ਕੀਤੀ ਗਈ।
ਇਸ ਦੌਰਾਨ ਡੀਈਓ ਐਲੀਮੈਂਟਰੀ ਪਠਾਨਕੋਟ ਵੱਲੋਂ ਬਲਾਕ ਸਿੱਖਿਆ ਅਫ਼ਸਰ ਅਤੇ ਹਰ ਸੈਂਟਰ ਨਾਲ ਸਬੰਧਤ ਸੀਐਚਟੀ ਸਾਹਿਬਾਨ ਕੋਲੋਂ ਦਾਖ਼ਲ ਮੁਹਿੰਮ 2022 ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੇ ਡਾਟਾ ਦੇ ਆਧਾਰ ਤੇ ਵਿਸਥਾਰਿਤ ਚਰਚਾ ਕਰ ਰਿਪੋਰਟ ਲਈ ਗਈ। ਉਨ੍ਹਾਂ ਅਧਿਆਪਕਾਂ ਨੂੰ ਯੁਡਾਇਸ ਫਾਰਮ ਨੂੰ ਸਹੀ ਤਰੀਕੇ ਨਾਲ ਭਰਨ ਲਈ ਵੀ ਪ੍ਰੇਰਿਤ ਕੀਤਾ।
ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਡੀ.ਜੀ. ਸਿੰਘ ਨੇ ਇਸ ਮੌਕੇ ਸਕੂਲ ਮੁਖੀਆਂ ਨਾਲ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਮਿਲ ਰਹੀਆਂ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਨੂੰ ਵਿਭਾਗ ਵੱਲੋਂ ਭੇਜੀਆਂ ਹਦਾਇਤਾਂ ਅਨੁਸਾਰ ਸਮਾਂ ਬੱਧ ਤਰੀਕੇ ਤਰੀਕੇ ਨਾਲ ਖਰਚਿਆ ਜਾਵੇ। ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਤਾਂ ਦੀ ਸਫ਼ਾਈ ਅਤੇ ਸਕੂਲ ਦੇ ਆਲੇ-ਦੁਆਲੇ ਘਾਹ ਤੇ ਗਾਜਰ ਬੂਟੀ ਦੀ ਰੋਕਥਾਮ ਯਕੀਨੀ ਬਣਾਈ ਜਾਵੇ।
ਉਹਨਾਂ ਦੱਸਿਆ ਕਿ ਹਰ ਸਕੂਲ ਵਿੱਚ ਡਿਸਪਲੇਅ ਬੋਰਡ ਜ਼ਰੂਰ ਲਗਵਾਇਆ ਜਾਵੇ ਅਤੇ ਉਸ ਉੱਪਰ ਮੌਜੂਦਾ ਅਤੇ ਪਿਛਲੇ ਸੈਸ਼ਨ ਦੌਰਾਨ ਹੋਈਆਂ ਗਤੀਵਿਧੀਆਂ ਨੂੰ ਨਸ਼ਰ ਕੀਤਾ ਜਾਵੇ। ਉਹਨਾਂ ਕਿਹਾ ਕਿ ਸਕੂਲ ਵਿਚਲੇ ਪ੍ਰੋਜੈਕਟਰ ਰੂਮ ਅਤੇ ਪ੍ਰੀ ਪ੍ਰਾਇਮਰੀ ਰੂਮ ਵਿਖਾਉਣ ਲਈ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤੱਕ ਲਿਜਾਇਆ ਜਾਵੇ ਤਾਂ ਜੋ ਉਹ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ।
ਇਸ ਮੌਕੇ ਹਾਜ਼ਰ ਬੀਪੀਈਓ ਅਤੇ ਸੈਂਟਰ ਹੈਡ ਅਧਿਆਪਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਇਸ ਦਾਖ਼ਲਾ ਮੁਹਿੰਮ ਨੂੰ ਸਟੇਟ ਦੀ ਪ੍ਰਤੀਸ਼ਤ ਦੇ ਬਰਾਬਰ ਲਿਆਉਣ ਲਈ ਭਰਪੂਰ ਯਤਨ ਕਰਨਗੇ।