Latest news

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਨੇ ਡੀਪੀਆਈ ਸੈਕੇਂਡਰੀ ਅਤੇ ਐਲੀਮੇਂਟਰੀ ਨਾਲ ਕੀਤੀ ਮੀਟਿੰਗ

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਨੇ ਡੀਪੀਆਈ ਸੈਕੇਂਡਰੀ ਅਤੇ ਐਲੀਮੇਂਟਰੀ ਨਾਲ ਕੀਤੀ ਮੀਟਿੰਗ

 

 

– ਵਿਭਾਗੀ ਟੈਸਟ ਥੋਪਣ ਸਹਿਤ ਟੀਚਿੰਗ ਅਤੇ ਨਾਨ ਟੀਚਿੰਗ ਦੀਆਂ ਸਮੁੱਚੀਆਂ ਮੰਗਾਂ ਨੂੰ ਲੈਕੇ ਸਾਂਝਾ ਅਧਿਆਪਕ ਮੋਰਚਾ ਨੇ ਕਤੀ ਪੰਜਾਬ ਦੀ ਡੀਪੀਆਈਜ਼ ਨਾਲ ਮੀਟਿੰਗ

– ਵਿਕਟੇਮਾਈਜੇਸ਼ਨਾਂ ਹੱਲ ਕਰਨ ਲਈ ਕਾਰਵਾਈ ਹੋਈ ਸ਼ੁਰੂ

 

 

ਸਿੱਖਿਆ ਫੋਕਸ, ਚੰਡੀਗੜ੍ਹ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਸੁਰਿੰਦਰ ਕੰਬੋਜ, ਜਸਵਿੰਦਰ ਸਿੰਘ ਔਲਖ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਅਤੇ ਗੁਰਪ੍ਰੀਤ ਸਿੰਘ ਮਾੜੀਮੇਘਾ ਦੀ ਅਗਵਾਈ ਵਿੱਚ ਡੀ ਪੀ ਆਈ (ਸੈ ਸਿੱ) ਅਤੇ ਡੀ ਪੀ ਆਈ (ਐ ਸਿੱ) ਨਾਲ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਅਧਿਆਪਕ ਮਸਲਿਆਂ ਦੇ ਹੱਲ ਲਈ ਬਣੀ ਸਹਿਮਤੀ ਦੇ ਫਾਲੋਅੱਪ ਲਈ ਮੀਟਿੰਗਾਂ ਹੋਈਆਂ।

ਡੀ ਪੀ ਆਈ (ਸੈ ਸਿੱ) ਨਾਲ ਹੋਈ ਮੀਟਿੰਗ ਵਿੱਚ ਪਿਛਲੇ ਸਮੇਂ ਤੋਂ ਪੈਂਡਿੰਗ ਵਿਕਟੇਮਾਈਜੇਸ਼ਨਾਂ ਦੇ ਹੱਲ ਲਈ ਉਸੇ ਸਮੇਂ ਬਲਕਾਰ ਵਲਟੋਹਾ, ਜਸਵਿੰਦਰ ਸਿੰਘ ਔਲਖ, ਰੁਪਿੰਦਰ ਕੌਰ ਅਤੇ ਅਮਰਜੀਤ ਸਿੰਘ ਦੀ ਨਿਜੀ ਸੁਣਵਾਈ ਕਰਵਾਕੇ ਲੋੜੀਂਦੀ ਕਾਰਵਾਈ ਸ਼ੁਰੂ ਕਰਵਾਈ ਗਈ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਹੋਣ ਵਾਲੀ ਨਿਜੀ ਸੁਣਵਾਈ ਲਈ ਪੱਤਰ ਜਾਰੀ ਕਰਵਾਏ ਗਏ।

ਮੋਰਚੇ ਦੇ ਵਫਦ ਵਲੋਂ ਪਿਛਲੇ ਸਮੇਂ ਸਿੱਖਿਆ ਵਿਭਾਗ ਵਲੋਂ ਕੀਤੀਆਂ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਨ ਅਤੇ ਵਿਭਾਗੀ ਟੈਸਟ ਦਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਗਈ। ਮੋਰਚੇ ਵਲੋਂ ਅਧਿਆਪਕਾਂ ਨੂੰ ਰਿਹਾਇਸ਼ ਦੇ ਨੇੜੇ ਤੋਂ ਨੇੜੇ ਨਿਯੁਕਤ ਕਰਨ ਲਈ ਦਿੱਤੇ ਗਏ ਸੁਝਾਵਾਂ ਅਨੁਸਾਰ ਬਦਲੀਆਂ ਸਬੰਧੀ ਸੋਧਾਂ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀਆਂ ਹੋਣ ਦੀ ਜਾਣਕਾਰੀ ਵਫਦ ਨੂੰ ਦਿੱਤੀ ਗਈ। ਨਵ-ਨਿਯੁਕਤ ਅਧਿਆਪਕਾਂ ਨੂੰ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਨ ਦੀ ਬਜਾਏ ਮੈਰਿਟ ਅਨੁਸਾਰ ਪਿੱਤਰੀ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਨ ਦੀ ਮੰਗ ਕੀਤੀ ਗਈ।

ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਪੋਸਟਾਂ ਦੀ ਸਿਰਜਣਾ ਕਰਨ ਸਮੇਤ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ। ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ‘ਤੇ ਫੈਸਲਾ ਸਰਕਾਰ ਪੱਧਰ ਤੇ ਵਿਚਾਰ ਅਧੀਨ ਹੋਣ ਬਾਰੇ ਦੱਸਿਆ ਗਿਆ।

ਵਫਦ ਵਲੋਂ ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਅਤੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ। ਐਸ ਐਲ ਏ ਦਾ ਨਾਂ ਤਬਦੀਲ ਕਰਨ ਅਤੇ ਨਾਨ ਟੀਚਿੰਗ ਦੀ ਟੀਚਿੰਗ ਵਿੱਚ ਪ੍ਰਮੋਸ਼ਨ ਤੇ ਟੈੱਟ ਦੀ ਸ਼ਰਤ ਰੱਦ ਕਰਨ ਦੀ ਮੰਗ ਕੀਤੀ।

ਮੋਰਚੇ ਦੇ ਵਫਦ ਵਲੋਂ ਵਿਦੇਸ਼ ਛੁੱਟੀ ਤੇ ਰੋਕ ਲਗਾਉਣ ਦਾ ਪੱਤਰ ਵਾਪਸ ਲੈਣ ਦੀ ਮੰਗ ‘ਕੀਤੀ ਜਿਸ ‘ਤੇ ਜਰੂਰੀ ਹਾਲਤਾਂ ਵਿੱਚ ਅਪਲਾਈ ਕਰਨ ਦੀ ਛੋਟ ਦਿੱਤੀ ਗਈ। ਵਫਦ ਵਲੋਂ ਬੱਚਿਆਂ ਦੀ ਪੜ੍ਹਾਈ ਤੋਂ ਬਿਨਾ ਹੀ ਪ੍ਰੀਖਿਆਵਾਂ ਦੀ ਬਹੁਤਾਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਹਿਲੇ ਸਮਿਆਂ ਵਾਂਗ ਸਤੰਬਰ, ਦਸੰਬਰ ਅਤੇ ਮਾਰਚ ਵਿੱਚ ਹੀ ਪ੍ਰੀਖਿਆਵਾਂ ਲੈਣ ਦਾ ਸੁਝਾਅ ਦਿੱਤਾ ਗਿਆ।

ਡੀ ਪੀ ਆਈ (ਐ ਸਿੱ) ਨਾਲ ਹੋਈ ਮੀਟਿੰਗ ਵਿੱਚ ਹਰ ਵਰਗ ਦੀਆਂ ਪਦਉਨਤੀਆਂ ਸਾਲ ਵਿੱਚ ਘੱਟੋ-ਘੱਟ ਦੋ ਵਾਰ ਕਰਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਰਹਿੰਦੀਆਂ ਐਚ ਟੀ / ਸੀ ਐਚ ਟੀ ਦੀਆਂ ਪਦਉਨਤੀਆਂ ਤੁਰੰਤ ਕਰਨ ਲਈ ਪ੍ਰਵਾਨਗੀ ਦੇਣ ਦੀ ਮੰਗ ‘ਤੇ ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ 3500 ਅਧਿਆਪਕਾਂ ਦੀ ਪਦਉਨਤੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਬੀ ਪੀ ਈ ਓ ਦੀਆਂ ਡੀ ਬਾਰ ਅਤੇ ਖਾਲੀ ਪੋਸਟਾਂ ਜਲਦ ਭਰਨ ਦੀ ਸਹਿਮਤੀ ਬਣੀ।

ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ। ਹਰ ਵਰਗ ਦੀਆਂ ਪੋਸਟਾਂ ਪੂਰੇ ਗਰੇਡ ਵਿੱਚ ਭਰਨ ਦੀ ਮੰਗ ਕੀਤੀ ਗਈ। ਪ੍ਰਾਇਮਰੀ ਵਿੱਚ ਜਮਾਤਵਾਰ ਪੋਸਟਾਂ ਦੀ ਸਿਰਜਣਾ ਕਰਨ, ਐਚ ਟੀ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ ਗਈ।

ਉਪਰੋਕਤ ਮਸਲਿਆਂ ਸਮੇਤ ਸਾਂਝੇ ਅਧਿਆਪਕ ਮੋਰਚੇ ਦੇ ਅਜੰਡੇ ‘ਤੇ ਵਿਸਥਾਰ ਸਹਿਤ ਕੀਤੀ ਗਈ ਚਰਚਾ

ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ ਸਮੇਤ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, ਬਦਲੀਆਂ ਲਾਗੂ ਕਰਨ, ਹਰ ਵਰਗ ਦੀਆਂ ਪਦਉਨਤੀਆਂ ਕਰਨ, ਨਾਨ ਟੀਚਿੰਗ ‘ਤੇ ਟੈੱਟ ਦੀ ਸ਼ਰਤ ਰੱਦ ਕਰਵਾਉਣ, ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਥੋਪੀਆਂ ਜਾ ਰਹੀਆਂ ਫ਼ੀਸਾਂ ਰੱਦ ਕਰਵਾਉਣ, ਸਰਟੀਫਿਕੇਟਾਂ ਦੀ ਹਾਰਡ ਕਾਪੀ ਜਾਰੀ ਕਰਵਾਉਣ ਸਮੇਤ ਸਮੁੱਚੀਆਂ ਮੰਗਾਂ ਦੀ ਅਣਦੇਖੀ ਕਰਨ ‘ਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ 17 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜੇ ਜਾਣ ਦੇ ਨੋਟਿਸ ਦੋਨੋਂ ਡੀ ਪੀ ਆਈਜ਼ ਨੂੰ ਸੌਂਪੇ ਗਏ।

ਵਫਦ ਵਿੱਚ ਸੁਰਜੀਤ ਸਿੰਘ ਮੋਹਾਲੀ, ਰਵਿੰਦਰ ਪੱਪੀ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਟੌਹੜਾ, ਦਿਲਬਾਗ ਸਿੰਘ ਕੋਹਾੜਕਾ, ਜਗਮੋਹਨ ਸਿੰਘ ਚੌਂਤਾ, ਮਨਦੀਪ ਸਿੰਘ ਸਰਥਲੀ, ਗੁਰਪ੍ਰੀਤ ਸਿੰਘ, ਲਛਮਣ ਸਿੰਘ ਨਬੀਪੁਰ, ਗੁਰਪ੍ਰੀਤ ਕੁਰਾਲੀ, ਜਗਤਾਰ ਸਿੰਘ, ਸੁੱਚਾ ਸਿੰਘ ਚਾਹਲ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

Leave a Reply

Your email address will not be published.