ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਹੋਵੇਗੀ ਗ੍ਰੈਜੂਏਸ਼ਨ ਸੈਰਾਮਨੀ
ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਹੋਵੇਗੀ ਗ੍ਰੈਜੂਏਸ਼ਨ ਸੈਰਾਮਨੀ
– ਸੈਰਾਮਨੀ ਵਾਲੇ ਦਿਨ ਸਕੂਲ ’ਚ ਸਾਰੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤਿਆਂ ਨੂੰ ਦਿੱਤਾ ਜਾਵੇਗਾ ਗੈਸਟ ਵਜੋਂ ਸੱਦਾ-ਪੱਤਰ
ਸਿੱਖਿਆ ਫੋਕਸ, ਚੰਡੀਗੜ੍ਹ। ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਮਕਸਦ ਨਾਲ ਉਨ੍ਹਾਂ ਨੂੰ ਗ੍ਰੈਜੂਏਸ਼ਨ ਡ੍ਰੈੱਸ ਪਹਿਨਾਉਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਨੌਨਿਹਾਲਾਂ ਦੇ ਹੱਥ ’ਚ ਜਲਦ ਹੀ ਪ੍ਰੀ-ਪ੍ਰਾਇਮਰੀ ਕਲਾਸ ਨੂੰ ਪਾਸ ਕਰਨ ਦੀ ਡਿਗਰੀ ਵੀ ਹੋਵੇਗੀ। ਪੰਜਾਬ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸੈਰਾਮਨੀ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ’ਚੋਂ 3 ਤੋਂ 6 ਸਾਲ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ-ਪਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵਧਾਉਣ ਅਤੇ ਇਨ੍ਹਾਂ ਦੀ ਐਕਟੀਵਿਟੀਜ਼ ਨੂੰ ਆਕਰਸ਼ਕ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਹੀ ਇਹ ਕਦਮ ਚੁੱਕਿਆ ਗਿਆ ਹੈ। ਇਸੇ ਲੜੀ ’ਚ ਸਿੱਖਿਆ ਵਿਭਾਗ ਨੇ ਗ੍ਰੈਜੂਏਸ਼ਨ ਸੈਰਾਮਨੀ ਲਈ ਸਕੂਲਾਂ ਨੂੰ ਫੰਡ ਵੀ ਜਾਰੀ ਕੀਤੇ ਹਨ।
ਇਸ ਸੈਰਾਮਨੀ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸੂਬੇ ਭਰ ਦੇ 12846 ਪ੍ਰਾਇਮਰੀ ਸਕੂਲਾਂ ਨੂੰ 3.85 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਇਹ ਰਕਮ 3000 ਰੁਪਏ ਹਰ ਸਕੂਲ ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ। ਲੁਧਿਆਣਾ ਦੇ 994 ਸਕੂਲਾਂ ਨੂੰ 29.82 ਲੱਖ ਰੁਪਏ ਦੀ ਰਾਸ਼ੀ ਮਿਲੀ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਗ੍ਰਾਂਟ ਲਈ ਵਰਤੇ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਸ ਦੇ ਮੁਤਾਬਕ 29 ਮਾਰਚ ਨੂੰ ਇਹ ਗ੍ਰੈਜੂਏਸ਼ਨ ਸੈਰਾਮਨੀ ਕਰਵਾਈ ਜਾਵੇਗੀ।
ਸੈਰਾਮਨੀ ਵਾਲੇ ਦਿਨ ਸਕੂਲ ’ਚ ਸਾਰੇ ਮਾਤਾ-ਪਿਤਾ ਅਤੇ ਪਿੰਡ ਦੇ ਪਤਵੰਤਿਆਂ ਨੂੰ ਗੈਸਟ ਵਜੋਂ ਸੱਦਾ-ਪੱਤਰ ਦਿੱਤਾ ਜਾਵੇਗਾ। ਗ੍ਰੈਜੂਏਸ਼ਨ ਸੈਰਾਮਨੀ ਦੇ ਪ੍ਰਚਾਰ ਲਈ ਬੈਨਰ, ਫਲੈਕਸ ਆਦਿ ਦਾ ਖਰਚਾ ਇਸ ਰਕਮ ’ਚੋਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਕਾਰਜ ਲਈ ਇਸ ਰਾਸ਼ੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਗ੍ਰਾਂਟ ਨੂੰ ਖਰਚਣ ਲਈ ਸਕੂਲ ਮੁਖੀਆਂ ਵਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਤੋਂ ਸਲਾਹ ਲਈ ਜਾਵੇਗੀ।