ਸਰਕਾਰੀ ਸਕੂਲ ਦੇ ਕਲਾਸ ਰੂਮ ਦੀ ਅਲਮਾਰੀ ‘ਚ ਬੈਠਾ ਸੀ ਕੋਬਰਾ
ਸਰਕਾਰੀ ਸਕੂਲ ਦੇ ਕਲਾਸ ਰੂਮ ਦੀ ਅਲਮਾਰੀ ‘ਚ ਬੈਠਾ ਸੀ ਕੋਬਰਾ
– ਵਾਈਲਡ ਲਾਈਫ ਗਾਰਡ ਨਵਜੋਤ ਸਿੰਘ ਨੇ ਟੀਮ ਮੈਂਬਰਾਂ ਨੇ ਮੌਕੇ ਉਤੇ ਪਹੁੰਚ ਕੇ ਸੱਪ ਨੂੰ ਫੜਿਆ
ਸਿੱਖਿਆ ਫੋਕਸ, ਠਰਵੀ। ਸਰਕਾਰੀ ਪ੍ਰਾਇਮਰੀ ਸਕੂਲ ਠਰਵੀ ਦੀ ਅਲਮਾਰੀ ਵਿਚ ਕੋਬਰਾ ਦਾਖਲ ਹੋ ਗਿਆ। ਸਕੂਲ ਦੇ ਕਮਰੇ ਦੀ ਅਲਮਾਰੀ ਵਿਚ ਕੋਬਰਾ ਬੈਠਾ ਦੇਖ ਕੇ ਬੱਚਿਆਂ ‘ਚ ਦਹਿਸ਼ਤ ਫੈਲ ਗਈ। ਬਾਅਦ ਵਿਚ ਜਦੋਂ ਜੰਗਲਾਤ ਕਰਮਚਾਰੀਆਂ ਨੇ ਸੱਪ ਨੂੰ ਫੜਿਆ ਤਾਂ ਬੱਚਿਆਂ ਅਤੇ ਸਕੂਲ ਦੇ ਅਧਿਆਪਕਾਂ ਨੇ ਸੁੱਖ ਦਾ ਸਾਹ ਲਿਆ।
ਜਾਣਕਾਰੀ ਮੁਤਾਬਕ ਉਸ ਸਮੇਂ ਸਕੂਲ ‘ਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਠਰਵੀ ਦੇ ਪ੍ਰਾਇਮਰੀ ਸਕੂਲ ਦੇ ਕਲਾਸ ਰੂਮ ‘ਚ ਜ਼ਹਿਰੀਲਾ ਸੱਪ ਵੜ ਗਿਆ। ਇਹ ਕੋਬਰਾ ਸੱਪ ਕਮਰੇ ਵਿੱਚ ਬਣੀ ਅਲਮੀਰਾ ਵਿੱਚ ਲੁਕਿਆ ਹੋਇਆ ਸੀ। ਜਦੋਂ ਵਿਦਿਆਰਥੀ ਕਲਾਸ ‘ਚ ਆਏ ਤਾਂ ਅਲਮੀਰਾ ਦੇ ਨੇੜੇ ਕੁਝ ਹਿਲਜੁਲ ਹੋਈ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਸਕੂਲ ਦੇ ਅਧਿਆਪਕ ਨੂੰ ਦਿੱਤੀ।
ਜਦੋਂ ਅਧਿਆਪਕ ਨੇ ਉਥੇ ਆ ਕੇ ਦੇਖਿਆ ਤਾਂ ਅਲਮੀਰਾ ਵਿਚ ਇੱਕ ਸੱਪ ਬੈਠਾ ਸੀ। ਇਸ ਦੀ ਸੂਚਨਾ ਤੁਰਤ ਜੰਗਲੀ ਜੀਵ ਸੁਰੱਖਿਆ ਟੀਮ ਨੂੰ ਦਿੱਤੀ ਗਈ। ਵਾਈਲਡ ਲਾਈਫ ਗਾਰਡ ਨਵਜੋਤ ਸਿੰਘ ਨੇ ਟੀਮ ਮੈਂਬਰਾਂ ਸਣੇ ਮੌਕੇ ਉਤੇ ਪਹੁੰਚ ਕੇ ਸਖਤ ਮੁਸ਼ੱਕਤ ਤੋਂ ਬਾਅਦ ਸੱਪ ਨੂੰ ਫੜਿਆ ਅਤੇ ਸ਼ਹਿਰ ਤੋਂ ਦੂਰ ਸੁਰੱਖਿਅਤ ਥਾਂ ਉਤੇ ਛੱਡ ਦਿੱਤਾ। ਜਿਸ ਤੋਂ ਬਾਅਦ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ।
ਵਾਈਲਡ ਲਾਈਫ ਗਾਰਡ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਠਰਵੀ ਦੇ ਪ੍ਰਾਇਮਰੀ ਸਕੂਲ ਵਿੱਚ ਸੱਪ ਵੜ ਗਿਆ ਹੈ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਕਲਾਸ ਰੂਮ ‘ਚ ਬਣੀ ਅਲਮਾਰੀ ‘ਚ ਸੱਪ ਬੈਠਾ ਸੀ।
ਸੱਪ ਨੂੰ ਸਾਵਧਾਨੀ ਨਾਲ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੋਬਰਾ ਪ੍ਰਜਾਤੀ ਦਾ ਸੱਪ ਸੀ ਅਤੇ ਇਹ ਬਹੁਤ ਜ਼ਹਿਰੀਲਾ ਹੁੰਦਾ ਹੈ, ਜਿਸ ਦੇ ਡੰਗਣ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ, ਇਸ ਲਈ ਅਜਿਹੇ ਜ਼ਹਿਰੀਲੇ ਸੱਪਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਜਦੋਂ ਵੀ ਇਸ ਪ੍ਰਜਾਤੀ ਦਾ ਸੱਪ ਦਿੱਸਦਾ ਹੈ ਤਾਂ ਉਸ ਦੇ ਨੇੜੇ ਨਹੀਂ ਜਾਣਾ ਚਾਹੀਦਾ, ਇਸ ਤੋਂ ਇਲਾਵਾ ਜੰਗਲੀ ਜੀਵ ਸੁਰੱਖਿਆ ਟੀਮ ਨੂੰ ਸੂਚਨਾ ਦਿੱਤੀ ਜਾਵੇ। ਇਹ ਸੱਪ ਚੂਹਿਆਂ ਨੂੰ ਖਾਣ ਦੇ ਸ਼ੌਕੀਨ ਹੁੰਦੇ ਹਨ, ਇਸ ਲਈ ਇਹ ਉਨ੍ਹਾਂ ਘਰਾਂ ਵਿੱਚ ਦਾਖਲ ਹੁੰਦੇ ਹਨ ਜਿੱਥੇ ਚੂਹੇ ਹੁੰਦੇ ਹਨ।