950 ਲੋਕਾਂ ਨੇ ਫਰਜ਼ੀ ਆਈਲੈਟਸ ਬੈਂਡ ਬਣਾ ਕੇ ਕੈਨੇਡਾ ‘ਚ ਲਿਆ ਦਾਖਲਾ
950 ਲੋਕਾਂ ਨੇ ਫਰਜ਼ੀ ਆਈਲੈਟਸ ਬੈਂਡ ਬਣਾ ਕੇ ਅਮਰੀਕਾ-ਕੈਨੇਡਾ ‘ਚ ਲਿਆ ਦਾਖਲਾ
-ਅਮਰੀਕੀ ਅਦਾਲਤਾਂ ਵਿੱਚ ਉੱਚ ਆਈਲੈਟਸ ਸਕੋਰ ਹੋਣ ਦੇ ਬਾਵਜੂਦ ਕੁਝ ਭਾਰਤੀ ਅੰਗਰੇਜ਼ੀ ਦੇ ਦੋ ਸ਼ਬਦ ਵੀ ਬੋਲਣ ਵਿੱਚ ਵੀ ਅਸਮਰੱਥ
– ਅਮਰੀਕੀ ਅਧਿਕਾਰੀਆਂ ਨੇ ਧੋਖਾਧੜੀ ਦਾ ਕੀਤਾ ਸੀ ਸ਼ੱਕ ਪ੍ਰਗਟ
ਸਿੱਖਿਆ ਫੋਕਸ, ਮਾਨਸਾ। ਉਚ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਪ੍ਰਣਾਲੀ (ਆਈਲੈਟਸ) ਨਾਲ ਸਬੰਧਤ ਧੋਖਾਧੜੀ ਵਿੱਚ ਅਮਰੀਕੀ ਅਧਿਕਾਰੀਆਂ ਦੀ ਬੇਨਤੀ ‘ਤੇ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰੀਕੀ ਅਦਾਲਤਾਂ ਵਿੱਚ ਉੱਚ ਆਈਲੈਟਸ ਸਕੋਰ ਹੋਣ ਦੇ ਬਾਵਜੂਦ ਕੁਝ ਭਾਰਤੀ ਅੰਗਰੇਜ਼ੀ ਦੇ ਦੋ ਸ਼ਬਦ ਵੀ ਬੋਲਣ ਵਿੱਚ ਅਸਮਰੱਥ ਹੋਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਧੋਖਾਧੜੀ ਦਾ ਸ਼ੱਕ ਪ੍ਰਗਟ ਕੀਤਾ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਰਾਜਕੋਟ, ਵਡੋਦਰਾ, ਮੇਹਸਾਣਾ, ਅਹਿਮਦਾਬਾਦ, ਨਵਸਾਰੀ, ਨਡਿਆਦ ਅਤੇ ਆਨੰਦ ਦੇ ਸੱਤ ਕੇਂਦਰਾਂ ਨੂੰ ਆਈਲੈਟਸ ਪ੍ਰੀਖਿਆਵਾਂ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਜਾਂਚ ਦੇ ਘੇਰੇ ਵਿੱਚ ਲਿਆ ਹੈ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਘੱਟੋ-ਘੱਟ 950 ਲੋਕਾਂ ਨੂੰ ਫਰਜ਼ੀ ਆਈਲੈਟਸ ਸਕੋਰ ਦੇ ਕੇ ਅਮਰੀਕਾ ਅਤੇ ਕੈਨੇਡਾ ਭੇਜਿਆ ਗਿਆ ਹੈ। ਇਨ੍ਹਾਂ ਲੋਕਾਂ ਤੋਂ ਉੱਚ ਅੰਕ ਹਾਸਲ ਕਰਨ ਲਈ 14 ਲੱਖ ਰੁਪਏ ਦੀ ਮੋਟੀ ਰਕਮ ਵਸੂਲੀ ਗਈ ਸੀ।
ਸੀਸੀਟੀਵੀ ਕੈਮਰੇ ਬੰਦ
ਮੇਹਸਾਣਾ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੇ ਇੰਸਪੈਕਟਰ ਭਾਵੇਸ਼ ਰਾਠੌੜ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਨੇ ਕੋਈ ਪਾਰਦਰਸ਼ਤਾ ਨਹੀਂ ਬਣਾਈ ਰੱਖੀ। ਇਸ ਦੇ ਨਾਲ ਹੀ ਪਿਛਲੇ ਸਾਲ ਸਤੰਬਰ ਵਿੱਚ ਹੋਈ ਪ੍ਰੀਖਿਆ ਦੌਰਾਨ ਹਾਲ ਦੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਗਏ ਸਨ। ਅਜਿਹਾ ਕਰਕੇ ਵੱਡੇ ਪੱਧਰ ‘ਤੇ ਧੋਖਾਧੜੀ ਕੀਤੀ ਜਾ ਰਹੀ ਹੈ।
ਧੋਖਾਧੜੀ ਦਾ ਖੁਲਾਸਾ ਕਿਵੇਂ ਹੋਇਆ
ਇਹ ਆਈਲੈਟਸ ਧੋਖਾਧੜੀ ਅਮਰੀਕੀ ਅਧਿਕਾਰੀਆਂ ਦੇ ਧਿਆਨ ਵਿੱਚ ਉਦੋਂ ਆਈ ਜਦੋਂ ਉਨ੍ਹਾਂ ਨੇ 19-21 ਸਾਲ ਦੀ ਉਮਰ ਦੇ 6 ਭਾਰਤੀ ਨੌਜਵਾਨਾਂ ਨੂੰ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੁੰਦੇ ਹੋਏ ਫੜਿਆ।
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਚਾਰ ਮੇਹਸਾਣਾ, ਦੋ ਗਾਂਧੀਨਗਰ ਅਤੇ ਇੱਕ ਪਟਨਾ ਦਾ ਰਹਿਣ ਵਾਲਾ ਹੈ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਉੱਥੇ ਮੌਜੂਦ ਕੋਈ ਵੀ ਵਿਅਕਤੀ ਅੰਗਰੇਜ਼ੀ ‘ਚ ਜਵਾਬ ਨਹੀਂ ਦੇ ਸਕਿਆ, ਜਿਸ ਤੋਂ ਬਾਅਦ ਧੋਖਾਦੇਹੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ।